ਭਾਰਤ ਨੂੰ 34 ਸਾਲਾਂ ਬਾਅਦ ਮਿਲੀ ਟੀ-20 ਏਸ਼ੀਆ ਕੱਪ ਦੀ ਮੇਜ਼ਬਾਨੀ, ਸਾਲ 2025 ‘ਚ ਖੇਡਿਆ ਜਾਵੇਗਾ ਟੂਰਨਾਮੈਂਟ

ਭਾਰਤ 2025 ਵਿੱਚ ਟੀ-20 ਫਾਰਮੈਟ ਵਿੱਚ ਪੁਰਸ਼ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਹ 2026 ਵਿੱਚ ਦੇਸ਼ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾ ਖੇਡਿਆ ਜਾਵੇਗਾ। ਭਾਰਤ ਨੂੰ ਪੁਰਸ਼ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਦੂਜੀ ਵਾਰ ਮੇਜ਼ਬਾਨੀ ਮਿਲੀ ਹੈ। ਇਸ ਤੋਂ ਪਹਿਲਾਂ ਭਾਰਤ ਨੂੰ 1990 ਵਿੱਚ ਮੇਜ਼ਬਾਨੀ ਮਿਲੀ ਸੀ। ਇਸਦੇ ਬਾਅਦ ਏਸ਼ੀਆ ਕੱਪ 2027 ਦੀ ਮੇਜ਼ਬਾਨੀ ਬੰਗਲਾਦੇਸ਼ ਕਰੇਗਾ। ਇਹ ਟੂਰਨਾਮੈਂਟ ਵਨਡੇ ਫਾਰਮੈਟ ਵਿੱਚ ਖੇਡਿਆ ਜਾਵੇਗਾ। ਇਸੇ ਸਾਲ (2027) ਵਿੱਚ ਦੱਖਣੀ ਅਫਰੀਕਾ ਵਿੱਚ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ। ਏਸ਼ੀਆ ਕ੍ਰਿਕਟ ਕੌਂਸਲ ਵੱਲੋਂ ਜਾਰੀ ਕੀਤੇ ਗਏ ਇਨਵੀਟੇਸ਼ਨ ਫਾਰ ਐਕਸਪ੍ਰੇਸ਼ਨ ਆਫ਼ ਇੰਟਰੇਸਟ ਡਾਕੂਮੈਂਟ ਦੇ ਮੁਤਾਬਕ ਭਾਰਤ 2025 ਵਿੱਚ ਪੁਰਸ਼ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ, ਜੋ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ। ਉੱਥੇ ਹੀ 2027 ਦਾ ਏਸ਼ੀਆ ਕੱਪ ਬੰਗਲਾਦੇਸ਼ ਦੀ ਮੇਜ਼ਬਾਨੀ ਵਿੱਚ ਹੋਵੇਗਾ। 2027 ਦਾ ਏਸ਼ੀਆ ਕੱਪ ਵਨਡੇ ਫਾਰਮੈਟ ਵਿੱਚ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਭਾਰਤੀ ਖਿਡਾਰੀਆਂ ਦੇ ਮਾਰਚ ਤੋਂ ਮਈ ਤੱਕ IPL 2025 ਵਿੱਚ ਰੁੱਝੇ ਰਹਿਣ ਦੀ ਸੰਭਾਵਨਾ ਹੈ। ਟੀਮ ਇੰਡੀਆ ਜੂਨ ਅਤੇ ਅਗਸਤ ਵਿੱਚ ਇੰਗਲੈਂਡ ਦਾ ਦੌਰਾ ਕਰੇਗੀ ਅਤੇ ਫਿਰ ਬੰਗਲਾਦੇਸ਼ ਵਿੱਚ ਤਿੰਨ ਵਨਡੇ ਅਤੇ ਟੀ-20 ਮੈਚ ਖੇਡੇਗੀ। ਅਜਿਹੇ ਵਿੱਚ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਏਸ਼ੀਆ ਕੱਪ ਸਤੰਬਰ ਵਿੱਚ ਨਹੀਂ ਹੁੰਦਾ ਤਾਂ ਅਕਤੂਬਰ ਵਿੱਚ ਬੰਗਲਾਦੇਸ਼ ਸੀਰੀਜ਼ ਤੋਂ ਬਾਅਦ ਹੋ ਸਕਦਾ ਹੈ। ਬੰਗਲਾਦੇਸ਼ ਸੀਰੀਜ਼ ਤੋਂ ਬਾਅਦ ਭਾਰਤ ਨੂੰ ਵੈਸਟਇੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।

Leave a Reply

Your email address will not be published. Required fields are marked *