ਪਠਾਨਕੋਟ ‘ਚ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਨੇ ਆਪਣੀ ਮਾਂ ਦੀ ਯਾਦ ‘ਚ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਸਾਹਿਲ ਸਰਬਵਾਲ ਵਾਸੀ ਵਿਸ਼ਵਕਰਮਾ ਨਗਰ ਲਮੀਨੀ ਵਜੋਂ ਹੋਈ ਹੈ। ਘਟਨਾ ਐਤਵਾਰ ਸਵੇਰੇ 5:30 ਵਜੇ ਦੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਮ੍ਰਿਤਕ ਸਾਹਿਲ ਦੇ ਭਰਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਭਰਾ ਆਪਣੇ ਪਿਤਾ ਨਾਲ ਰਹਿੰਦਾ ਸੀ ਅਤੇ ਕਰੀਬ ਚਾਰ ਸਾਲ ਪਹਿਲਾਂ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਹ ਉਨ੍ਹਾਂ ਦੀਆਂ ਯਾਦਾਂ ਵਿੱਚ ਗੁਆਚ ਗਿਆ। ਇਸ ਕਾਰਨ ਸਾਹਿਲ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਿਆ ਅਤੇ ਆਪਣੀ ਮਾਂ ਦੀ ਯਾਦ ‘ਚ ਉਸ ਨੇ ਆਪਣੀ ਬਾਂਹ ‘ਤੇ ਮਾਂ ਦੀ ਤਸਵੀਰ ਦਾ ਟੈਟੂ ਵੀ ਬਣਵਾਇਆ। ਕਰੀਬ 2 ਵਜੇ ਤੱਕ ਵਿਦੇਸ਼ ਰਹਿ ਰਹੀ ਆਪਣੀ ਮਾਸੀ ਦੀ ਧੀ ਨਾਲ ਗੱਲਬਾਤ ਕਰਦਾ ਰਿਹਾ। ਸਾਹਿਲ ਉਸਨੂੰ ਦੱਸਣ ਲੱਗਾ ਕਿ ਮਾਂ ਦੀ ਬਹੁਤ ਯਾਦ ਆਉਂਦੀ ਹੈ ਅਤੇ ਉਹ ਉਸਦੇ ਕੋਲ ਜਾਣਾ ਚਾਹੁੰਦਾ ਹੈ। ਸਾਹਿਲ ਇੱਕ ਨਿੱਜੀ ਹਸਪਤਾਲ ਵਿੱਚ ਲੇਖਾਕਾਰ ਵਜੋਂ ਕੰਮ ਕਰਦਾ ਸੀ। ਮਾਨਸਿਕ ਪ੍ਰੇਸ਼ਾਨੀ ਕਾਰਨ ਸਾਹਿਲ ਨੇ ਐਤਵਾਰ ਸਵੇਰੇ ਘਰ ‘ਚ ਫਾਹਾ ਲੈ ਕੇ ਖ਼ੁ ਦਕੁਸ਼ੀ ਕਰ ਲਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਿਵੀਜ਼ਨ ਨੰਬਰ 1 ਦੇ ਏਐਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।