ਬੀਤੀ ਰਾਤ ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਉਚਾ ਬੇਟ ਨੇੜੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਿਸ ਦੀ ਪਛਾਣ ਉੱਤਮ ਸਿੰਘ ਪੁੱਤਰ ਬਿਕਰਮ ਸਿੰਘ ਵਾਸੀ ਪਿੰਡ ਉਚਾ ਬੇਟ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਅਜੇ 18 ਸਾਲਾਂ ਦਾ ਹੋਣਾ ਸੀ, ਜਿਸ ਦਾ ਜਨਮ ਦਿਨ 8 ਅਗਸਤ ਨੂੰ ਸੀ। ਮਾਪਿਆਂ ਵੱਲੋਂ ਧੂਮ-ਧਾਮ ਨਾਲ ਉਸ ਦੇ ਜਨਮ ਦਿਨ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ, ਪਰ ਉਸ ਦੀ ਮੌਤ ਦੀ ਖ਼ਬਰ ਘਰ ਪਹੁੰਚੀ। ਨਜ਼ਦੀਕ ਸਥਿਤ ਇੱਕ ਪੈਟਰੋਲ ਪੰਪ ਦੇ ਕਾਰਿੰਦੇ ਨੇ ਦੱਸਿਆ ਕਿ ਇਹ ਸਾਰੀ ਘਟਨਾ ਉਸ ਦੀਆਂ ਅੱਖਾਂ ਸਾਹਮਣੇ ਵਾਪਰੀ, ਜਿਸ ਪਿੱਛੋਂ ਉਨ੍ਹਾਂ ਨੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੂੰ ਫੋਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਕਾਰ ਦਾ ਸਪੀਡੋਮੀਟਰ 165 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦਿਖਾ ਰਿਹਾ ਸੀ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਕਾਫੀ ਤੇਜ਼ ਰਫਤਾਰ ਨਾਲ ਜਾ ਰਹੀ ਹੋਵੇਗੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਾਰ ਦਾ ਮਲਬਾ ਦੂਰ-ਦੂਰ ਤੱਕ ਖਿਲਰਿਆ ਪਿਆ ਸੀ। ਭਿਆਨਕ ਦ੍ਰਿਸ਼ਾਂ ਨਾਲ ਹਰ ਇੱਕ ਵੇਖਣ ਵਾਲੇ ਦੀ ਰੂਹ ਕੰਬ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਉਹ ਆਪਣੇ ਬੇਟੇ ਦਾ 18ਵਾਂ ਜਨਮਦਿਨ ਮਨਾਉਣ ਦੀ ਤਿਆਰੀ ਕਰ ਰਹੇ ਸਨ ਪਰ ਹਨੀ ਦੇ ਮਨ ਵਿੱਚ ਕੁਝ ਹੋਰ ਸੀ।