ਪੈਰਿਸ ਓਲੰਪਿਕ ਵਿੱਚ ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਅਰਜ਼ੀ ‘ਤੇ ਹੁਣ ਸ਼ੁੱਕਰਵਾਰ ਯਾਨੀ ਕਿ ਅੱਜ ਸੁਣਵਾਈ ਹੋਵੇਗੀ। ਉਸਨੇ ਆਪਣੀ ਅਯੋਗਤਾ ਦੇ ਖਿਲਾਫ CAS (ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ) ਵਿੱਚ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਗਿਆ ਸੀ। ਇਸ ਵਿੱਚ ਉਨ੍ਹਾਂ ਨੂੰ ਸਾਂਝਾ ਚਾਂਦੀ ਦਾ ਤਗਮਾ ਦਿੱਤੇ ਜਾਣ ਦੀ ਮੰਗ ਕੀਤੀ ਹੈ । ਖੇਡ ਅਦਾਲਤ ਨੇ ਵਿਨੇਸ਼ ਨੂੰ ਸੁਣਵਾਈ ਲਈ ਆਪਣਾ ਵਕੀਲ ਨਿਯੁਕਤ ਕਰਨ ਦਾ ਮੌਕਾ ਦਿੱਤਾ ਹੈ। ਸੁਣਵਾਈ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਹੋਵੇਗੀ। ਦਰਅਸਲ, CAS ਵਿੱਚ ਸੁਣਵਾਈ ਪਹਿਲਾਂ ਵੀਰਵਾਰ ਨੂੰ ਹੀ ਹੋਣੀ ਸੀ । ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ ਨੇ ਵਿਨੇਸ਼ ਦੀ ਨੁਮਾਇੰਦਗੀ ਕਰਨ ਲਈ 4 ਵਕੀਲਾਂ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੇ ਨਾਮ ਜੋਏਲ ਮੋਨਲੁਇਸ, ਐਸਟੇਲ ਇਵਾਨੋਵਾ, ਹੈਬਿਨ ਐਸਟੇਲ ਕਿਮ ਅਤੇ ਚਾਰਲਸ ਐਮਸਨ ਹਨ। ਇਹ ਸਾਰੇ ਪੈਰਿਸ 2024 ਓਲੰਪਿਕ ਲਈ CAS ਦੇ ਪ੍ਰੋ ਬੋਨੋ ਵਕੀਲ ਹਨ। ਪਰ ਭਾਰਤੀ ਟੀਮ ਨੇ ਸੁਣਵਾਈ ਲਈ ਭਾਰਤੀ ਵਕੀਲ ਨਿਯੁਕਤ ਕਰਨ ਲਈ ਸਮਾਂ ਵੀ ਮੰਗਿਆ। ਇਸ ‘ਤੇ ਅਦਾਲਤ ਨੇ ਉਨ੍ਹਾਂ ਨੂੰ ਸਮਾਂ ਦਿੱਤਾ ਅਤੇ ਸੁਣਵਾਈ ਅਗਲੇ ਦਿਨ ਯਾਨੀ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਵਿਨੇਸ਼ ਫੋਗਾਟ ਅਯੋਗਤਾ ਮਾਮਲੇ ਵਿੱਚ ਭਾਰਤੀ ਓਲੰਪਿਕ ਸੰਘ ਵੱਲੋਂ ਭਾਰਤ ਦੇ ਸਾਬਕਾ ਸਾਲਿਸਟਰ ਜਨਰਲ ਅਤੇ ਕਿੰਗਜ਼ ਕਾਉਂਸਲ ਹਰੀਸ਼ ਸਾਲਵੇ ਅੱਜ CAS ਸਾਹਮਣੇ ਪੇਸ਼ ਹੋਣਗੇ। ਸਾਲਵੇ ਨੂੰ ਅੱਜ ਪੈਰਿਸ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਦੀ ਸੁਣਵਾਈ ਵਿੱਚ ਪੇਸ਼ ਹੋਣਾ ਪਵੇਗਾ। ਸਾਲਵੇ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ IOA ਦੇ ਵਕੀਲ ਵਜੋਂ ਉਨ੍ਹਾਂ ਦਾ ਨਾਮ CAS ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੈਸਲਾ ਵੀ ਸ਼ੁੱਕਰਵਾਰ ਨੂੰ ਹੀ ਆ ਸਕਦਾ ਹੈ। ਪਰ ਜੇਕਰ ਜੱਜ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹੋਰ ਸੁਣਵਾਈ ਦੀ ਲੋੜ ਹੈ ਤਾਂ ਕੋਈ ਹੋਰ ਤਰੀਕ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਜ਼ਿਆਦਾਤਰ CAS ਮਾਮਲਿਆਂ ਵਿੱਚ ਫੈਸਲਾ ਸੁਣਵਾਈ ਵਾਲੇ ਦਿਨ ਹੀ ਆ ਜਾਂਦਾ ਹੈ।ਦੱਸ ਦੇਈਏ ਕਿ ਓਲੰਪਿਕ ਵਿੱਚ ਭਾਰਤ ਦੀਆਂ ਉਮੀਦਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਰਗ ਦੇ ਫਾਈਨਲ ਮੈਚ ਤੋਂ ਕੁਝ ਘੰਟੇ ਪਹਿਲਾਂ ਵਿਨੇਸ਼ ਦਾ ਭਾਰ ਲਗਭਗ 100 ਗ੍ਰਾਮ ਵੱਧ ਪਾਇਆ ਗਿਆ । ਵਿਨੇਸ਼ ਕੋਲ ਸੋਨ ਤਮਗਾ ਜਿੱਤਣ ਦਾ ਮੌਕਾ ਸੀ ਪਰ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਅਜਿਹੇ ਵਿੱਚ ਨਿਯਮਾਂ ਕਾਰਨ ਉਹ ਸੈਮੀਫਾਈਨਲ ਜਿੱਤਣ ਤੋਂ ਬਾਅਦ ਵੀ ਮੈਡਲ ਤੋਂ ਖੁੰਝ ਗਈ। ਪਰ ਹੁਣ ਕੇਸ CAS ਵਿੱਚ ਜਾਣ ਤੋਂ ਬਾਅਦ ਵਿਨੇਸ਼ ਦੀ ਮੈਡਲ ਮਿਲਣ ਦੀ ਉਮੀਦ ਫਿਰ ਤੋਂ ਜਗ ਗਈ ਹੈ।