ਰਾਜਸਥਾਨ ਤੋਂ ਰਾਜ ਸਭਾ ਮੈਂਬਰ ਲਈ ਨਾਮਜ਼ਦਗੀ ਪੱਤਰ ਭਰਨ ਲਈ ਜੈਪੁਰ ਪੁੱਜੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਕਿਸਾਨ ਆਗੂਆਂ ’ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਕਈ ਕਿਸਾਨ ਆਗੂਆਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ। ਅਸਲੀ ਕਿਸਾਨ ਤਾਂ ਆਪਣੇ ਖੇਤਾਂ ਵਿੱਚ ਵਿਅਸਤ ਹਨ। ਇਸ ਦੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਵਿੱਚ ਤੁਹਾਡੀ ਸਰਕਾਰ ਹੈ। ਤੁਹਾਨੂੰ ਇਹ ਜਾਂਚ ਕਰਵਾਉਣੀ ਚਾਹੀਦੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਜਾ ਰਿਹਾ। ਉਹ ਕਿਸਾਨ ਲੀਡਰ ਪਹਿਲਾਂ ਕਹਿੰਦੇ ਸਨ ਕਿ ਉਹ ਕਿਸੇ ਦੇ ਨਾਲ ਨਹੀਂ ਹਨ ਪਰ ਹੁਣ ਇਹ ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲਦੇ ਹਨ। ਜਦੋਂ ਪੱਤਰਕਾਰਾਂ ਨੇ ਰਵਨੀਤ ਬਿੱਟੂ ਤੋਂ ਪੁੱਛਿਆ ਕਿ ਕਿਸਾਨਾਂ ਦੀ ਨਾਰਾਜ਼ਗੀ ਵੱਡਾ ਮੁੱਦਾ ਹੈ। ਇਸ ‘ਤੇ ਉਨ੍ਹਾਂ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸਾਨ ਨਾਰਾਜ਼ ਹਨ। ਕੁਝ ਕਿਸਾਨ ਆਗੂ ਨਾਰਾਜ਼ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਨਿੱਜੀ ਮਕਸਦ ਲਈ ਇਹ ਸਰਕਾਰ ਵਿਰੋਧੀ ਪ੍ਰਾਪੇਗੰਡਾ ਚਲਾਇਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਪਰ ਪਹਿਲੀ ਗੱਲ ਤਾਂ ਇਹ ਕਿ ਕਿਸਾਨਾਂ ਕੋਲ ਤਾਂ ਦਿੱਲੀ ਜਾਣ ਦਾ ਸਮਾਂ ਹੀ ਨਹੀਂ ਹੈ, ਉਹ ਤਾਂ ਆਪਣੀ ਖ਼ੇਤੀ ਵਿੱਚ ਰੁੱਝੇ ਹੋਏ ਹਨ ਜਦਕਿ ਇਹ ਕਿਸਾਨ ਲੀਡਰ ਖ਼ੁਦ ਦਿੱਲੀ ਗਏ, ਰਾਹੁਲ ਗਾਂਧੀ ਦੇ ਦਫ਼ਤਰ ਵੀ ਗਏ, ਇੱਕ ਵਾਰ ਨਹੀਂ, ਦੋ ਵਾਰ ਗਏ, ਪਰ ਕਿਸੇ ਨੇ ਇਨ੍ਹਾਂ ਨੂੰ ਰੋਕਿਆ ਨਹੀਂ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦਾ ਕਿਸਾਨ ਆਪਣੀ ਜ਼ਮੀਨ ਨੈਸ਼ਨਲ ਹਾਈਵੇਅ ਵਾਸਤੇ ਸਰਕਾਰ ਨੂੰ ਦੇਣ ਨੂੰ ਤਿਆਰ ਹੈ ਪਰ ਇਹ ਆਗੂ ਹੀ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਹਾਲਾਤ ਇਹ ਹਨ ਕਿ ਕਿਸਾਨ ਆਗੂਆਂ ਦੀ ਸ਼ਹਿ ’ਤੇ ਹੀ ਹਾਈਵੇਅ, ਰੇਲਵੇ ਟਰੈਕ ਅਤੇ ਹਵਾਈ ਅੱਡਿਆਂ ਦੇ ਪ੍ਰਾਜੈਕਟ ਰੋਕੇ ਜਾ ਰਹੇ ਹਨ, ਜਿਸ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੱਤਰ ਵੀ ਲਿਖ਼ਿਆ ਹੈ।