ਸੁਖਬੀਰ ਸਿੰਘ ਬਾਦਲ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਕੀਤੀ ਅਪੀਲ, ਕਿਹਾ ਡਿੰਪੀ ਢਿੱਲੋਂ ਹੀ ਸਨ ਪਾਰਟੀ ਦੇ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਵਾਰ ਫ਼ਿਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਉਹ ਪਾਰਟੀ ਨੂੰ ਛੱਡਣ ਬਾਰੇ ਆਪਣੇ ਫ਼ੈਸਲੇ ਤੇ ਨਜ਼ਰਸਾਨੀ ਕਰਨ। ਗਿੱਦੜਬਾਹਾ ਤੋਂ ਵੱਡੀ ਗਿਣਤੀ ਵਿਚ ਆਈ ਸੰਗਤ ਦੀਆਂ ਭਾਵਨਾਵਾਂ ਤੇ ਵਿਚਾਰ ਸੁਣਨ ਤੋਂ ਬਾਅਦ ਉਹਨਾ ਨੂੰ ਮੁਖ਼ਾਤਿਬ ਹੁੰਦੇ ਹੋਏ, ਬਾਦਲ ਨੇ ਸਪੱਸ਼ਟ ਕੀਤਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਅਤੇ ਗਿੱਦੜਬਾਹਾ ਤੋਂ ਪਾਰਟੀ ਟਿਕਟ ‘ਤੇ ਚੋਣ ਲੜਣ ਸਬੰਧੀ ਉਡਾਈਆਂ ਜਾ ਰਹੀਆਂ ਸਾਰੀਆਂ ਗੱਲਾਂ ਮਨਘੜੰਤ ਅਤੇ ਬੇਬੁਨਿਆਦ ਹਨ। ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਪਾਰਟੀ ਪ੍ਰਤੀ ਪ੍ਰਤੀਬੱਧਤਾ, ਵਫ਼ਾਦਾਰੀ ਅਤੇ ਲਗਨ ਪਰਿਵਾਰ ਤੋਂ ਪਹਿਲਾਂ ਹੀ ਨਹੀਂ ਬਲਕਿ ਉਸ ਤੋਂ ਕਿਤੇ ਉੱਪਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਸਪੱਸ਼ਟ ਕੀਤਾ ਕਿ ਇਸ ਗੱਲ ਵਿੱਚ ਕਦੇ ਕੋਈ ਸ਼ੰਕਾ ਹੀ ਨਹੀਂ ਸੀ ਕਿ ਡਿੰਪੀ ਢਿੱਲੋਂ ਹੀ ਪਾਰਟੀ ਦੇ ਉਮੀਦਵਾਰ ਸਨ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਤੱਥਾਂ ਦੇ ਬਾਵਜੂਦ ਡਿੰਪੀ ਢਿੱਲੋਂ ਨੇ ਆਪਣੇ ਕਿਸੇ ਨਿੱਜੀ ਹਿੱਤ ਜਾਂ ਮਜਬੂਰੀ ਕਾਰਨ ਪਾਰਟੀ ਵਰਕਰਾਂ ਤੇ ਸੰਗਤ ਨੂੰ ਪਿੱਠ ਦਿਖਾਉਣ ਦਾ ਮਨ ਬਣਾ ਹੀ ਲਿਆ ਹੈ ਤਾਂ ਵੀ ਉਹ (ਸੁਖਬੀਰ ਸਿੰਘ ਬਾਦਲ) ਗਿੱਦੜਬਾਹਾ ਸੀਟ ਬਾਰੇ ਅਗਲਾ ਫ਼ੈਸਲਾ 10 ਦਿਨ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰਨ ਤੋਂ ਉਪਰੰਤ ਹੀ ਕਰਨਗੇ ਤੇ ਉਹ ਵੀ ਹਲਕੇ ਦੀ ਸੰਗਤ ਨੂੰ ਨਾਲ ਲੈ ਕੇ ਤੇ ਉਹਨਾਂ ਦੀ ਰਾਏ ਨਾਲ। ਉਸ ਤੋਂ ਬਾਅਦ ਉਹ ਸੰਗਤ ਦੇ ਹੁਕਮ ਅਨੁਸਾਰ ਜੋ ਜ਼ਿੰਮੇਵਾਰੀ ਲੱਗੇਗੀ ਉਸ ਉਤੇ ਉਹ ਪੂਰੀ ਨਿਮਰਤਾ ਪਰ ਦ੍ਰਿੜਤਾ ਨਾਲ ਪਹਿਰਾ ਦੇਣਗੇ।

Leave a Reply

Your email address will not be published. Required fields are marked *