ਸੜਕ ਹਾਦਸੇ ‘ਚ RCF ਮੁਲਾਜ਼ਮ ਦੀ ਹੋਈ ਮੌਤ ,ਟਰੱਕ ਨੇ ਮਾਰੀ ਜ਼ਬਰਦਸਤ ਟੱਕਰ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ‘ਤੇ RCF ਨਜ਼ਦੀਕ ਦੇਰ ਰਾਤ ਇੱਕ ਐਕਟਿਵਾ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ ਐਕਟਿਵਾ ਸਵਾਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਸਵਾਰ ਆਰਸੀਐਫ ਦਾ ਮੁਲਾਜ਼ਮ ਹੈ ਅਤੇ ਹਸਪਤਾਲ ਤੋਂ ਆਪਣੀ ਭਰਜਾਈ ਦਾ ਪਤਾ ਲੈ ਕੇ ਘਰ ਪਰਤ ਰਿਹਾ ਸੀ। ਬੀਤੀ ਰਾਤ 8 ਵਜੇ ਦੇ ਕਰੀਬ ਰੇਲ ਕੋਚ ਫੈਕਟਰੀ ਦਾ ਮੁਲਾਜ਼ਮ ਅਮਰੀਕ ਸਿੰਘ (59 ਸਾਲ) ਵਾਸੀ ਪਿੰਡ ਸੁਖੀਆ ਨੰਗਲ ਆਰਸੀਐਫ ਹਸਪਤਾਲ ਵਿੱਚ ਦਾਖ਼ਲ ਆਪਣੀ ਭਰਜਾਈ ਦਾ ਹਾਲ-ਚਾਲ ਪੁੱਛ ਕੇ ਆਪਣੀ ਐਕਟਿਵਾ ’ਤੇ ਘਰ ਪਰਤ ਰਿਹਾ ਸੀ। ਪਿੰਡ ਭੁਲਾਣਾ ਨੇੜੇ ਇੱਕ ਟਰੱਕ ਨੇ ਉਸਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਸੜਕ ‘ਤੇ ਡਿੱਗ ਕੇ ਜ਼ਖਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਅਮਰੀਕ ਸਿੰਘ ਨੂੰ ਆਰਸੀਐਫ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਦਰ ਥਾਣੇ ਦੀ SHO ਸੋਨਮਦੀਪ ਕੌਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਅਤੇ ਟਰੱਕ ਚਾਲਕ ਲਖਵਿੰਦਰ ਸਿੰਘ ਪੁੱਤਰ ਲਛਮਣ ਸਿੰਘ ਨੂੰ ਰਾਊਂਡਅਪ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਭੁਲਾਣਾ ਚੌਕੀ ਦੇ ਇੰਚਾਰਜ ਏਐਸਆਈ ਪੂਰਨਚੰਦ ਵੱਲੋਂ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਗੁਰਬਖਸ਼ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ ‘ਤੇ ਬੀ.ਐਨ.ਐਸ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *