ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਵੱਡੀ ਅਪਡੇਟ ਸਾਹਮਣੇ ਆਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੇ ਨਾਲ ਘਟਨਾ ਦੇ ਸਮੇਂ ਮੌਜੂਦ ਗਵਾਹ ਗੁਰਪ੍ਰੀਤ ਸਿੰਘ ਨੇ ਆਰੋਪੀਆ ਦੀ ਪਛਾਣ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 13 ਸਤੰਬਰ 2024 ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਏ 7 ਮੁਲਜ਼ਮਾਂ ਦੀ ਪਛਾਣ ਗਵਾਹ ਗੁਰਪ੍ਰੀਤ ਸਿੰਘ ਨੇ ਕਰ ਲਈ ਹੈ, ਪਰ ਸਿੱਧੂ ਮੂਸੇਵਾਲਾ ਦੀ ਥਾਰ ਅਤੇ ਕਤਲ ਕਾਂਡ ਵਿੱਚ ਵਰਤੀ ਗਈ ਏਕੇ47 ਅਦਾਲਤ ਵਿੱਚ ਪੇਸ਼ੀ ਨਾ ਕੀਤੇ ਜਾ ਸਕਣ ਕਾਰਨ ਅਦਾਲਤ ਨੇ ਮਾਮਲੇ ਦੀ ਸੁਣਵਾਈ 13 ਸਤੰਬਰ 2024 ਤੱਕ ਮੁਲਤਵੀ ਕਰ ਦਿੱਤੀ ਹੈ। ਇਸਤੋਂ ਪਹਿਲਾ ਮੁਲਜ਼ਮਾਂ ਵੱਲੋਂ ਪੇਸ਼ ਹੋਏ ਐਡਵੋਕੇਟ ਰਘੁਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੀ ਸੁਣਵਾਈ ਸੀ, ਜਿਸ ਵਿੱਚ ਗਵਾਹ ਗੁਰਪ੍ਰੀਤ ਸਿੰਘ ਹਾਜ਼ਰ ਸੀ, ਪਰ ਉਸਦੀ ਗਵਾਹੀ ਅੱਜ ਪੂਰੀ ਨਹੀਂ ਹੋ ਸਕੀ ਕਿਉਂਕਿ ਅਪਰਾਧ ਦੌਰਾਨ ਵਰਤੇ ਗਏ ਹਥਿਆਰ ਅਤੇ ਥਾਰ ਵਾਹਨ ਨਾ ਹੋਣ ਦੇ ਚਲਦਿਆਂ ਅਗਲੀ ਸੁਣਵਾਈ ਹੁਣ 13 ਸਤੰਬਰ 2024 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਅੱਜ 7 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਦੀ ਪਛਾਣ ਗਵਾਹ ਗੁਰਪ੍ਰੀਤ ਸਿੰਘ ਨੇ ਕੀਤੀ ਹੈ। ਇਨ੍ਹਾਂ ਆਰੋਪੀਆਂ ਵਿੱਚ ਅੰਕਿਤ ਸਿਰਸਾ, ਦੀਪਕ ਮੰਡੀ, ਸੰਦੀਪ ਕੇਕੜਾ, ਮਨੀ ਰਈਆ, ਕੁਲਦੀਪ ਕਸ਼ਿਸ਼, ਕੇਸ਼ਵ, ਪ੍ਰਿਅਵਰਤ ਫੌਜੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਸਮੇਤ 18 ਹੋਰ ਮੁਲਜ਼ਮਾਂ ਦੀ ਤਰਫ਼ੋਂ ਪੇਸ਼ ਹੋਏ ਹਨ, ਜਿਨ੍ਹਾਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਚੱਲ ਰਹੀ ਹੈ। ਵਕੀਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦੀ ਪਛਾਣ ਕਰਨ ਵਿੱਚ ਕੋਈ ਮਸਲਾ ਨਹੀਂ ਹੈ, ਇਸ ਲਈ ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਗਵਾਹੀ ਅਜੇ ਪੂਰੀ ਨਹੀਂ ਹੋਈ, ਜਿਸ ਤੋਂ ਬਾਅਦ ਅਸੀਂ ਇਸ ‘ਤੇ ਆਪਣਾ ਪ੍ਰਤੀਕਰਮ ਵੀ ਅਦਾਲਤ ‘ਚ ਪੇਸ਼ ਕਰਾਂਗੇ | ਉਧਰ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਅੱਜ ਸਿੱਧੂ ਮੂਸੇ ਵਾਲਾ ਕਤਲ ਕੇਸ ਦੀ ਸੁਣਵਾਈ ਸੀ ਅਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਅਗਲੀ ਪੇਸ਼ੀ 13 ਸਤੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣਯੋਗ ਅਦਾਲਤ ਵਿੱਚ ਪੂਰਾ ਭਰੋਸਾ ਹੈ ਨਿਆਂ ਜ਼ਰੂਰ ਮਿਲੇਗਾ।