ਹੁਸ਼ਿਆਰਪੁਰ ਦੇ ਪਿੰਡ ਜੇਜੋਂ ਖੱਡ ਵਿਚ ਅੱਜ ਇੱਕ ਕਾਰ ਹੜ੍ਹ ਵਿਚ ਫਸ ਗਈ। ਕਾਰ ਵਿੱਚ 5 ਲੋਕ ਸਵਾਰ ਸਨ। ਲੋਕਾਂ ਦੀ ਮਦਦ ਨਾਲ ਗੱਡੀ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਪਹਾੜਾਂ ‘ਤੇ ਡਿੱਗਣ ਵਾਲਾ ਮੀਂਹ ਦਾ ਪਾਣੀ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਖੱਡ ‘ਚ ਆਉਂਦਾ ਹੈ। ਕਰੀਬ ਇੱਕ ਮਹੀਨਾ ਪਹਿਲਾਂ 11 ਅਗਸਤ ਨੂੰ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਵਿਆਹ ਵਾਲੀ ਇਨੋਵਾ ਕਾਰ ਇੱਥੇ ਫਸ ਗਈ ਸੀ ਅਤੇ ਤੇਜ਼ ਪਾਣੀ ਕਾਰਨ ਰੁੜ੍ਹ ਗਈ ਸੀ। ਇਸ ਹਾਦਸੇ ਵਿਚ ਇਨੋਵਾ ਵਿੱਚ ਸਵਾਰ 10 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇੱਥੇ ਬੈਰੀਕੇਡ ਲਗਾ ਦਿੱਤੇ ਗਏ। ਅੱਜ ਸਵੇਰੇ ਫਿਰ ਖੱਡ ਵਿਚ ਪਾਣੀ ਭਰ ਗਿਆ। ਕਾਰ ਸਵਾਰਾਂ ਨੇ ਆਪਣੀ ਕਾਰ ਨੂੰ ਖੱਡ ‘ਚ ਵਹਿ ਰਹੇ ਪਾਣੀ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਾਰ ਵਿਚਕਾਰ ਹੀ ਫਸ ਗਈ। ਕਾਰ ‘ਚ ਸਵਾਰ ਪੰਜ ਜਣਿਆਂ ਨੇ ਤੇਜ਼ੀ ਨਾਲ ਕਾਰ ਤੋਂ ਹੇਠਾਂ ਉਤਰ ਕੇ ਆਪਣੀ ਜਾਨ ਬਚਾਈ। ਕੁਝ ਸਮੇਂ ਬਾਅਦ ਜਦੋਂ ਪਾਣੀ ਦਾ ਵਹਾਅ ਘੱਟ ਹੋਇਆ ਤਾਂ ਲੋਕਾਂ ਦੀ ਮਦਦ ਨਾਲ ਕਾਰ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ।