ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਡਰੱਗ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਉਸ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। DGP ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਸਬੰਧੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਮੁਲਜ਼ਮ ਨਾਜਾਇਜ਼ ਦਵਾਈਆਂ ਅਤੇ ਮੈਡੀਕਲ ਸਟੋਰਾਂ ਨਾਲ ਸਬੰਧਤ ਨਸ਼ਾ ਤਸਕਰੀ ਵਿੱਚ ਮਦਦ ਕਰ ਰਿਹਾ ਸੀ। ਦੋਸ਼ੀ ਜੇਲ ‘ਚ ਬੰਦ ਨਸ਼ਾ ਤਸਕਰਾਂ ਦੇ ਸੰਪਰਕ ‘ਚ ਸੀ ਅਤੇ ਬਾਹਰੋਂ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ। ਇਸ ਤੋਂ ਅੱਗੇ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗੰਭੀਰ ਵਿੱਤੀ ਬੇਨਿਯਮੀਆਂ ਦੇਖੀਆਂ ਗਈਆਂ ਹਨ, ਜਿਸਦੇ ਤਹਿਤ ANTF ਨੇ 7.09 ਕਰੋੜ ਰੁਪਏ ਜਮਾਂ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਨੂੰ ਫ੍ਰੀਜ਼ ਕੀਤਾ ਹੈ । ਇਸ ਤੋਂ ਇਲਾਵਾ 2 ਬੈਂਕ ਲਾਕਰ ਜ਼ਬਤ ਕੀਤੇ ਗਏ ਹਨ। ANTF ਨੇ 1.49 ਕਰੋੜ ਰੁਪਏ ਨਕਦ, 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਗਤੀਵਿਧੀਆਂ ਦੀ ਕਮਾਈ ਰਾਹੀਂ ਹਾਸਲ ਕੀਤੀ ਮਹੱਤਵਪੂਰਨ ਸੰਪਤੀਆਂ ਦੀ ਪਛਾਣ ਕੀਤੀ ਗਈ, ਜਿਸ ਵਿੱਚ ਜ਼ੀਰਕਪੁਰ ਅਤੇ ਡੱਬਵਾਲੀ ਵਿੱਚ 2.40 ਕਰੋੜ ਰੁਪਏ ਦੀ ਰੀਅਲ ਅਸਟੇਟ ਸੰਪਤੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਡਰੱਗ ਇੰਸਪੈਕਟਰ ਬਿਨ੍ਹਾਂ ਸਰਕਾਰ ਤੋਂ ਮਨਜ਼ੂਰੀ ਲਏ ਲਗਾਤਾਰ ਵਿਦੇਸ਼ ਜਾਂਦਾ ਰਹਿੰਦਾ ਸੀ। ਇਸ ਦੇ ਲਈ ਉਸਨੇ ਕਦੇ ਐਕਸ ਇੰਡੀਆ ਲੀਵ ਵੀ ਨਹੀਂ ਲਈ। ਇਸ ਦੇ ਨਾਲ ਹੀ ਉਹ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਵੀ ਰਿਹਾ। ਉਸ ਨੇ ਉਨ੍ਹਾਂ ਦੇ ਡਰੱਗ ਨੈਟਵਰਕ ਨੂੰ ਬਾਹਰੋਂ ਵੀ ਮਦਦ ਪ੍ਰਦਾਨ ਕੀਤੀ। ਹੁਣ ਪੁਲਿਸ ਉਸ ਦੇ ਵਿਦੇਸ਼ ਦੌਰਿਆਂ ਬਾਰੇ ਜਾਂਚ ਕਰ ਰਹੀ ਹੈ।