ਮੋਗਾ ਲੁਧਿਆਣਾ ਰੋਡ ‘ਤੇ ਬੱਸ ਅਤੇ ਈ-ਰਿਕਸ਼ਾ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ। ਈ-ਰਿਕਸ਼ਾ ਵਿਚ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਸ ਵਿਚ ਇਕ ਔਰਤ ਦੇ ਕਾਫੀ ਗੰਭੀਰ ਸੱਟਾਂ ਲੱਗੀਆ, ਜਿਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾ ਵੱਲੋਂ ਸੁਸਾਇਟੀ ਦੀਆਂ ਐਮਰਜੈਂਸੀ ਗੱਡੀਆਂ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮੌਕੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਪਤਨੀ ਜਸਵੀਰ ਸਿੰਘ ਪਿੰਡ ਮਹਿਣਾ ਆਸ਼ਾ ਵਰਕਰ ਜੋ ਕਿ ਈ-ਰਿਕਸ਼ਾ ਵਿਚ ਸਵਾਰ ਹੋ ਕੇ ਆਪਣੇ ਨਿਜੀ ਕੰਮ ਲਈ ਮੋਗਾ ਵਿਖੇ ਆ ਰਹੀ ਸੀ, ਜੋ ਕਿ ਗੁਰਪ੍ਰੀਤ ਸਿੰਘ ਪੁੱਤਰ ਪੱਪਾ ਸਿੰਘ ਵਾਸੀ ਨੱਥੂਵਾਲਾ ਜਦੀਦ ਈ-ਰਿਕਸ਼ਾ ਨੂੰ ਚਲਾ ਰਿਹਾ ਸੀ। ਜਿਸ ਵਿਚ ਵਿਜੇ ਸ਼ੰਕਰ ਪਾਂਡੇ ਵਾਸੀ ਨੱਥੂਵਾਲਾ ਜਦੀਦ ਕਿਸੇ ਕੰਮ ਲਈ ਮੋਗਾ ਵਿਖੇ ਆਏ ਸਨ। ਜਦ ਈ-ਰਿਕਸ਼ਾ ਪਿੰਡ ਮਹਿਣਾ ਦੇ ਕੋਲ ਪੁੱਜਾ ਤਾਂ ਰੋਡਵੇਜ਼ ਦੀ ਬੱਸ ਨੇ ਪਿੱਛੇ ਤੋ ਆ ਕੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਈ-ਰਿਕਸ਼ਾ ਸਵਾਰ ਤਿੰਨੇ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਰਾਜਵਿੰਦਰ ਕੌਰ ਦੀਆਂ ਦੋਨੇ ਲੱਤਾਂ ਟੁੱਟ ਗਈਆਂ ਅਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਗੁਰਪ੍ਰੀਤ ਸਿੰਘ ਈ ਰਿਕਸ਼ਾ ਚਾਲਕ ਨੂੰ ਫਰੀਦਕੋਟ ਦੇ ਹਸਤਪਾਲ ਵਿਖੇ ਰੈਫਰ ਕੀਤਾ ਗਿਆ ਅਤੇ ਵਿਜੇ ਸ਼ੰਕਰ ਪਾਂਡੇ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਮੌਕੇ ’ਤੇ ਥਾਣਾ ਮਹਿਣਾ ਦੀ ਪੁਲਿਸ ਨੇ ਬੱਸ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।