ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਮੰਗਲਵਾਰ ਨੂੰ ਗਣਪਤੀ ਵਿਸਰਜਨ ਮਗਰੋਂ ਇੱਕ ਅਣਹੋਣੀ ਵਾਪਰ ਗਈ। ਇੱਥੇ ਭਾਖੜਾ ਮੇਨ ਲਾਈਨ ’ਚ ਇੱਕ 17 ਸਾਲਾ ਨੌਜਵਾਨ ਸ਼ਾਮ ਨੂੰ ਗਣਪਤੀ ਵਿਸਰਜਨ ਕਰਨ ਤੋਂ ਬਾਅਦ ਨਹਿਰ ’ਚ ਨਹਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਆਰੀਅਨ ਵਜੋਂ ਹੋਈ ਹੈ। ਆਰੀਅਨ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੀ ਬਿਧੀ ਚੰਦ ਕਾਲੋਨੀ ਦਾ ਆਰੀਅਨ (17 ਸਾਲ) ਸ਼ਾਮ ਕਰੀਬ 5 ਵਜੇ ਭਾਖੜਾ ਨਹਿਰ ਵਿਚ ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਲਈ ਲੋਕਾਂ ਨਾਲ ਗਿਆ ਸੀ। ਮੂਰਤੀ ਦੇ ਵਿਸਰਜਨ ਤੋਂ ਬਾਅਦ ਉਹ ਨਹਾਉਂਣ ਲੱਗ ਗਿਆ ਤਾਂ ਉਹ ਅਚਾਨਕ ਨਹਿਰ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ। ਉਨ੍ਹਾਂ ਨੇ ਦੱਸਿਆ ਕਿ ਆਰੀਅਨ ਦੇ ਨਹਿਰ ਵਿਚ ਡੁੱਬਣ ਦੀ ਜਾਣਕਾਰੀ ਉਸ ਦੇ ਨਾਲ ਨਹਾਂਉਦੇ ਸਾਥੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਨਹਿਰ ਵਿਚ ਲਾਪਤਾ ਆਰੀਅਨ ਦਾ ਫਿਲਹਾਲ ਕੋਈ ਪਤਾ ਨਹੀਂ ਲੱਗਿਆ ਹੈ। ਪਰਿਵਾਰ ਨੌਜਵਾਨ ਪੁੱਤਰ ਦੀ ਉਡੀਕ ਵਿਚ ਆਸਵੰਦ ਹੋਕੇ ਬੈਠਾ ਹੈ, ਜਦਕਿ ਆਰੀਅਨ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਗਣਪਤੀ ਵਿਸਰਜਨ ਦੀ ਖੁਸ਼ੀ ਇਕ ਪਲ ਵਿੱਚ ਮਾਤਮ ਵਿਚ ਬਦਲ ਗਈ।