ਮਮਦੋਟ ਦੇ ਨਜ਼ਦੀਕੀ ਪਿੰਡ ਤਰ੍ਹਾਂ ਵਾਲਾ ਵਿਖੇ ਅੱਜ ਸਵੇਰੇ ਤੜਕੇ ਕਰੀਬ ਸਾਢੇ 4 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਰੇਤਾ ਨਾਲ ਭਰੀ ਟ੍ਰੈਕਟਰ-ਟਰਾਲੀ ਦੀ ਮੋਟਰਸਾਈਕਲ ਸਵਾਰਾਂ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਕਾਰਨ ਮੋਟਰਸਾਈਕਲ ‘ਤੇ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਦੂਜੇ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਕਰਨਬੀਰ ਸਿੰਘ ਪੁੱਤਰ ਸੁੱਖਾ ਸਿੰਘ ਆਪਣੇ ਦੋਸਤ ਕਰਮਜੀਤ ਪੁੱਤਰ ਲਖਵਿੰਦਰ ਸਿੰਘ ਨਾਲ ਸਵੇਰੇ ਤੜਕੇ ਨੇੜਲੇ ਪਿੰਡ ਛਾਂਗਾ ਖੁਰਦ ਵਿਖੇ ਗੁਰਦੁਆਰਾ ਨਾਨਕਸਰ ਠਾਠ ਤੋਂ ਸੰਪਟ ਪਾਠ ‘ਚ ਹਾਜ਼ਰੀ ਭਰ ਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਰੇਤਾ ਦੀ ਟਰਾਲੀ ਨਾਲ ਨੌਜਵਾਨਾਂ ਦੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ ਜਿਸ ਵਿੱਚ ਕਰਨਬੀਰ (19) ਪੁੱਤਰ ਸੁੱਖਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਕਰਨਬੀਰ ਦੇ ਨਾਲ ਬੈਠਾ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਲੋਕਾਂ ਦੀ ਸਹਾਇਤਾ ਦੇ ਨਾਲ ਜ਼ਖਮੀ ਨੌਜਵਾਨ ਨੂੰ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ 19 ਸਾਲਾ ਨੌਜਵਾਨ ਕਰਨਬੀਰ ਸਿੰਘ ਦੋ ਭੈਣਾਂ ਦਾ ਇਕਲੌਤਾ ਅਤੇ ਛੋਟਾ ਭਰਾ ਸੀ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਲਾਕੇ ਦੇ ਅੰਦਰ ਅਕਸਰ ਹੀ ਤੜਕੇ ਰੇਤਾ ਦੀ ਨਜਾਇਜ਼ ਢੋਆ-ਢੁਆਈ ਹੁੰਦੀ ਹੈ ਜਿਸ ਦੇ ਚਲਦਿਆਂ ਅੱਜ ਇੱਕ ਨੌਜਵਾਨ ਨੂੰ ਆਪਣੀ ਜਾਣ ਤੋਂ ਹੱਥ ਧੋਣਾ ਪਿਆ। ਉਹਨਾਂ ਦੱਸਿਆ ਕਿ ਨਜਾਇਜ਼ ਰੇਤਾ ਦੀ ਖੁਦਾਈ ਕਰਨ ਵਾਲਿਆਂ ਨੇ ਟ੍ਰੈਕਟਰ-ਟਰਾਲੀ ਦੀਆਂ ਲਾਈਟਾਂ ਨਹੀਂ ਜਗਾਈਆਂ ਹੋਈਆਂ ਸਨ, ਜਿਸ ਕਾਰਨ ਸਾਹਮਣੇ ਆਉਂਦੇ ਟ੍ਰੈਕਟਰ-ਟਰਾਲੀ ਦਾ ਪਤਾ ਨਹੀਂ ਲੱਗਿਆ ਅਤੇ ਇਹ ਅਣਹੋਣੀ ਵਾਪਰ ਗਈ। ਲੋਕਾਂ ਨੇ ਨਜਾਇਜ਼ ਰੂਪ ਵਿੱਚ ਰੇਤਾ ਦੀ ਖੁਦਾਈ ਕਰਨ ਵਾਲੇ ਟ੍ਰੈਕਟਰ-ਟਰਾਲੀਆਂ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।