ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਪਾਵੇ ਝਿੰਗੜਾ ‘ਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਪਰਿਵਾਰ ਦੇ ਤਿੰਨ ਜੀਆਂ ਦੀਆਂ ਇਕੱਠਿਆਂ ਚਿਖਾਵਾਂ ਬਲੀਆਂ। ਮਰਨ ਵਾਲਿਆਂ ਵਿਚ ਇਕ ਔਰਤ ਅਤੇ ਉਸ ਦੇ ਦੋ ਪੁੱਤਰ ਸ਼ਾਮਲ ਹਨ। ਜਿਨ੍ਹਾਂ ਨੂੰ ਬੀਤੇ ਦਿਨੀਂ ਇਕ ਤੇਜ਼ ਰਫ਼ਤਾਰ ਬੱਸ ਨੇ ਕੁਚਲ ਦਿੱਤਾ ਸੀ। ਤਿੰਨਾਂ ਨੂੰ ਮੁੱਖ ਅਗਨੀ ਪਰਿਵਾਰ ਵਿਚ ਇਕੱਲੇ ਬਚੇ ਸਭ ਤੋਂ ਵੱਡੇ ਪੁੱਤਰ ਨੇ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 8 ਦਿਨ ਪਹਿਲਾਂ ਵਾਪਰੇ ਸੜਕ ਹਾਦਸੇ ਵਿੱਚ ਸੁਖਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਮਾਤਾ ਪਰਮਜੀਤ ਅਤੇ ਸੁਰਿੰਦਰ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਅਤੇ ਦੋਹਾਂ ਦੀ ਵੀ ਐਤਵਾਰ ਨੂੰ ਮੌਤ ਹੋ ਗਈ। ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਪਹਿਲਾਂ ਹੀ ਦਸੂਹਾ ਦੇ ਮੁਰਦਾਘਰ ਵਿੱਚ ਰੱਖਵਾਇਆ ਗਿਆ ਸੀ। ਉਮੀਦ ਜਤਾਈ ਜਾ ਰਹੀ ਸੀ ਕਿ ਅੰਮ੍ਰਿਤਸਰ ਵਿਖੇ ਦਾਖ਼ਲ ਮਾਂ-ਪੁੱਤਰ ਜਲਦੀ ਠੀਕ ਹੋ ਜਾਣਗੇ ਅਤੇ ਆਪਣੇ ਵੱਡੇ ਪੁੱਤਰ ਸੁਖਵਿੰਦਰ ਸਿੰਘ ਨੂੰ ਆਖਰੀ ਵਾਰ ਦੇਖ ਸਕਣਗੇ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਮੰਗਲਵਾਰ ਨੂੰ ਜੱਦੀ ਪਿੰਡ ‘ਚ ਤਿੰਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਕੱਠਿਆਂ ਬਲਦੀਆਂ ਤਿੰਨ ਚਿਵਾਖਾਂ ਵੇਖ ਪੂਰਾ ਪਿੰਡ ਧਾਹਾਂ ਮਾਰ ਰੋ ਰਿਹਾ ਸੀ।