ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਨਾਲ ਸੰਬੰਧਿਤ ਪਿੰਡ ਸਰੂਪਵਾਲ ਵਿੱਚ ਇੱਕ ਕਿਸਾਨ ਦਾ ਗੋਲੀਆਂ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵੱਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਸਰੂਪਵਾਲ ਆਪਣੇ ਘਰ ਦੇ ਬਾਹਰ ਖੜਾ ਸੀ ਅਤੇ ਉਸ ਦੇ ਘਰ ਦੀ ਉਸਾਰੀ ਨੂੰ ਲੈ ਕੇ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਮਲਕੀਤ ਸਿੰਘ ਦੀ ਉਸ ਦੇ ਗੁਆਂਢੀ ਤਰਸੇਮ ਸਿੰਘ ਸੋਨੀ ਪੁੱਤਰ ਮਹਿੰਗਾ ਸਿੰਘ ਨਾਲ ਨਾਲੀ (ਖਾਲੀ) ਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਮਾਮੂਲੀ ਤਕਰਾਰ ਹੋ ਗਈ। ਜਿਸ ਤੋਂ ਬਾਅਦ ਤਰਸੇਮ ਸਿੰਘ ਨੇ ਆਪਣੇ ਰਿਲਵਰ ਨਾਲ ਮਲਕੀਤ ਸਿੰਘ ਉੱਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਉੱਤੇ ਹੀ ਮਲਕੀਤ ਸਿੰਘ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐੱਸਪੀ ਵਿਪਨ ਕੁਮਾਰ ਅਤੇ ਥਾਣਾ ਕਬੀਰਪੁਰ ਦੀ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਮੁਲਜ਼ਮ ਤਰਸੇਮ ਸਿੰਘ ਨੇ ਕਬੂਲ ਕੀਤਾ ਕਿ ਉਸ ਨੂੰ ਇਸ ਘਟਨਾ ਦਾ ਪਛਤਾਵਾ ਹੈ ਅਤੇ ਉਸਨੇ ਮਲਕੀਤ ਸਿੰਘ ਉੱਤੇ ਰੱਖਿਆ ਕਰਦੇ ਹੋਏ ਗੋਲੀ ਚਲਾਈ ਸੀ।