ਸ਼ਨੀਵਾਰ ਸ਼ਾਮ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਜਾਜਾ ਚੌਂਕ ਨੇੜੇ ਹਾਈਵੇ ‘ਤੇ ਪੁਲ਼ ਉਤਰਦੇ ਸਮੇਂ ਇੱਕ ਫ਼ੌਜੀ ਟਰੱਕ ਬਰੇਕ ਫੇਲ੍ਹ ਹੋਣ ਕਾਰਨ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਿਆ। ਇਸ ਹਾਦਸੇ ਵਿੱਚ ਟਰੱਕ ਦੇ ਡਰਾਈਵਰ ਸਮੇਤ ਚਾਰ ਫ਼ੌਜੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ 21 ਸਵੇਰੀਆ ਸਿਗਨਲ ਕੰਪਨੀ ਪਠਾਨਕੋਟ ਦੇ ਟਰੱਕ ਡਰਾਈਵਰ ਅਰੁਨ , ਇੰਚਾਰਜ ਕੰਪਨੀ ਦੁਲੀ ਚੰਦ , ਨਰੇਸ਼ ਤੇ ਫੌਜੀ ਜਵਾਨ ਐਸਕੇ ਵਜੋਂ ਹੋਈ । ਇਸ ਹਾਦਸੇ ਕਾਰਨ ਕਰੀਬ ਇਕ ਘੰਟੇ ਟ੍ਰੈਫਿਕ ਜਾਮ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਰਾਈਵਰ ਅਰੁਨ ਨੇ ਦੱਸਿਆ ਕਿ ਉਹ ਚੰਡੀਗੜ ਤੋਂ ਪਠਾਨਕੋਟ ਜਾ ਰਹੇ ਸਨ ਤੇ ਜਦੋਂ ਉਹ ਜਾਜਾ ਚੌਕ ਟਾਂਡਾ ਨੇੜੇ ਪਹੁੰਚੇ ਤੇ ਹਾਈਵੇ ਪੁਲ ਉਤਰਦੇ ਹੋਏ ਟਰੱਕ ਦੇ ਅਚਾਨਕ ਬਰੇਕ ਫੇਲ ਹੋ ਗਏ ਤੇ ਟਰੱਕ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਿਆ। ਇਸ ਵੇਲੇ ਟਰੱਕ ਵਿਚ ਡਰਾਈਵਰ ਅਰੁਨ ਸਮੇਤ ਚਾਰ ਜਵਾਨ ਬੈਠੇ ਸਨ । ਇਸ ਹਾਦਸੇ ਵਿੱਚ ਚਾਰੇ ਜਵਾਨਾਂ ਦੇ ਮਾਮੂਲੀ ਸੱਟਾਂ ਵੱਜੀਆਂ। ਗ਼ਨੀਮਤ ਰਹੀ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ । ਇਸ ਮੌਕੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਜ਼ਖ਼ਮੀਆਂ ਨੂੰ ਸਰਕਾਰੀ ਐਂਬੂਲੈਂਸ ਦੇ ਜ਼ਰੀਏ ਫਸਟ ਏਡ ਦਿੱਤੀ। ਸੜਕ ਸੁਰਖਿਆ ਫੋਰਸ ਦੇ ਇੰਚਾਰਜ ਏਐਸਆਈ ਬਲਜੀਤ ਸਿੰਘ ਨੇ ਮੌਕੇ ‘ਤੇ ਹਾਈਡਰਾ ਬੁਲਾ ਕੇ ਪਲਟਿਆ ਟਰੱਕ ਸਿੱਧਾ ਕਰ ਕੇ ਰਸਤਾ ਚਾਲੂ ਕਰਵਾ ਦਿੱਤਾ।