ਜਲੰਧਰ ਦੇ ਅਵਤਾਰ ਨਗਰ ‘ਚ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸਫਰਾਨ ਸਾਹਿਲ ਵਜੋਂ ਹੋਈ ਹੈ। ਮ੍ਰਿਤਕ ਦਾ ਇੱਕ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਸਾਹਿਲ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੇਰ ਰਾਤ ਸਿਵਲ ਹਸਪਤਾਲ ‘ਚ ਹੰਗਾਮਾ ਕਰ ਦਿੱਤਾ। ਥਾਣਾ ਭਾਰਗਵ ਕੈਂਪ ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਦੇਰ ਰਾਤ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਜਾਂਚ ਲਈ ਦੇਰ ਰਾਤ ਸਿਵਲ ਹਸਪਤਾਲ ਪੁੱਜੇ ਭਾਰਗਵ ਕੈਂਪ ਥਾਣੇ ਵਿਚ ਤਾਇਨਾਤ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਨੌਜਵਾਨ ਦੀ ਮਾਂ ਰੂਬੀ ਨੇ ਦੱਸਿਆ ਕਿ ਮੇਰੇ ਲੜਕੇ ਦਾ ਨਾਂ ਸ਼ੇਖ ਸਫਰਾਨਾ ਉਰਫ ਸਾਹਿਲ ਸੀ। ਕਰੀਬ ਇਕ ਸਾਲ ਪਹਿਲਾਂ ਸਾਹਿਲ ਨੇ ਖੁਦ ਸਜਨੀ ਨਾਂ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ। ਸਾਡਾ ਪੂਰਾ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਹੈ। ਸਾਨੂੰ ਫੋਨ ਆਇਆ ਕਿ ਸਾਹਿਲ ਬੀਮਾਰ ਹੈ ਤੇ ਤੁਸੀਂ ਆ ਜਾਓ। ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਸਾਹਿਲ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਕਿਹਾ- ਸਾਹਿਲ ਸਾਡੇ ਨਾਲ ਨਹੀਂ ਰਹਿੰਦਾ ਸੀ, ਉਹ ਅਵਤਾਰ ਨਗਰ ‘ਚ ਆਪਣੀ ਪਤਨੀ ਨਾਲ ਰਹਿੰਦਾ ਸੀ। ਜੋ ਸਾਡੇ ਘਰ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਗਰਦਨ ‘ਤੇ ਨਿਸ਼ਾਨ ਹੈ, ਜਾਂਚ ਤੋਂ ਬਾਅਦ ਕੁਝ ਹੋਰ ਪਤਾ ਲੱਗੇਗਾ। ਸਫਰਾਨ ਦੇ ਪਿਤਾ ਸ਼ੇਖ ਨੇ ਦੱਸਿਆ ਕਿ ਮਕਾਨ ਮਾਲਕ ਨੇ ਦੱਸਿਆ ਸੀ ਕਿ ਸਾਹਿਲ ਸ਼ਾਮ ਤੱਕ ਬਹੁਤ ਖੁਸ਼ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਦੇਰ ਰਾਤ ਜਦੋਂ ਉਹ ਕਿਸੇ ਕੰਮ ਲਈ ਘਰ ਜਾ ਰਿਹਾ ਸੀ ਤਾਂ ਉਸ ਨੂੰ ਖੁਦਕੁਸ਼ੀ ਕਰਨ ਦਾ ਪਤਾ ਲੱਗਾ। ਜਿਸ ਤੋਂ ਬਾਅਦ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਉਸ ਨੂੰ ਫਾਹੇ ਤੋਂ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ ਸੀ। ਹੁਣ ਥਾਣਾ ਭਾਰਗਵ ਕੈਂਪ ਦੀ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕਰੇਗੀ।