ਸੋਮਵਾਰ ਸਵੇਰ ਨੂੰ ਉਸ ਸਮੇਂ ਟੋਲ ਪਲਾਜ਼ਾ ‘ਤੇ ਹੰਗਾਮੇ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਟੋਲ ਪਲਾਜ਼ਾ ‘ਤੇ ਆ ਕੇ ਧਰਨਾ ਲਗਾ ਦਿੱਤਾ ਅਤੇ ਜਿਸ ਤੋਂ ਬਾਅਦ ਟੋਲ ਪਲਾਜ਼ਾ ਦੇ ਅਧਿਕਾਰੀਆਂ ਵੱਲੋਂ ਇਸ ਦੀ ਸੂਚਨਾ ਲਾਡੋਵਾਲ ਪੁਲਿਸ ਨੂੰ ਦਿੱਤੀ। ਕੁਝ ਮਿੰਟਾਂ ‘ਚ ਪਹੁੰਚੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਸੂਤਰਾਂ ਦੀ ਮੰਨੀਏ ਤਾਂ ਜਿਸ ਤੋਂ ਬਾਅਦ ਟੋਲ ਪਲਾਜ਼ਾ ‘ਤੇ ਭਾਰੀ ਫੋਰਸ ਲਗਾ ਦਿੱਤੀ ਗਈ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਵੀ ਟੋਲ ਪਲਾਜ਼ਾ ‘ਤੇ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚ ਗਏ। ਉੱਥੇ ਹੀ ਇਕੱਠੇ ਹੋਏ ਟਰਾਂਸਪੋਰਟਰ ਦੇ ਮੈਬਰਾਂ ਨੇ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਉਸਨੇ ਦੱਸਿਆ ਕੀ ਉਹ ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਆਲ ਪੰਜਾਬ ਦੇ ਮੈਂਬਰ ਹਨ। ਉਨ੍ਹਾਂ ਦੇ ਮੇਨ ਅਹੁਦੇਦਾਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਕਾਰਨ ਉਹ ਇਸ ਸਮੇਂ ਕੁਝ ਕਹਿ ਨਹੀਂ ਸਕਦੇ। ਫਿਲਹਾਲ ਉਹ ਆਪਣੇ ਮੋਹਤਵਾਰ ਲੀਡਰਾਂ ਨੂੰ ਪੁਲਿਸ ਹਿਰਾਸਤ ਤੋਂ ਛੁਡਾਉਣ ਲਈ ਲੱਗੇ ਹੋਏ ਹਨ। ਉਨ੍ਹਾਂ ਦੇ ਅਹੁਦੇਦਾਰ ਆਉਣ ‘ਤੇ ਹੀ ਉਹ ਮੀਡੀਆ ਨਾਲ ਗੱਲਬਾਤ ਕਰਨਗੇ ਅਤੇ ਜਾਣਕਾਰੀ ਦੇਣਗੇ।