ਸਾਬਕਾ ਵਿਧਾਇਕਾ ਸਤਿਕਾਰ ਕੌਰ ਨੇ ਖੋਲ੍ਹਿਆ ਨਵਾਂ ਰਾਜ਼, ਫਿਰੋਜ਼ਪੁਰ ‘ਚ ਪਾਕਿ ਸਰਹੱਦ ਨਾਲ ਜੁੜੇ ਹਨ ਨਸ਼ੇ ਦੇ ਤਾਰ

ਮੁਹਾਲੀ ਦੇ ਖਰੜ ਤੋਂ 100 ਗ੍ਰਾਮ ਹੈਰੋਇਨ ਸਮੇਤ ਫੜੀ ਗਈ ਸਾਬਕਾ ਵਿਧਾਇਕਾ ਸਤਿਕਾਰ ਕੌਰ (Satkar Kaur) ਤੋਂ ਪੁੱਛਗਿੱਛ ਮਗਰੋਂ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ। ਜਾਂਚ ਅਧਿਕਾਰੀਆਂ ਅਨੁਸਾਰ ਸਤਿਕਾਰ ਕੌਰ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਫ਼ਿਰੋਜ਼ਪੁਰ ‘ਚ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ‘ਚੋਂ ਨਸ਼ਾ ਲੈਂਦੀ ਸੀ ਤੇ ਉਸ ਨੂੰ ਅੱਗੇ ਵੇਚਦੀ ਸੀ। ਇਹ ਪੁੱਛਣ ‘ਤੇ ਕਿ ਉਹ ਇਹ ਨਸ਼ੀਲਾ ਪਦਾਰਥ ਕਿੱਥੋਂ ਲੈਂਦੀ ਸੀ, ਇਸ ਬਾਰੇ ਉਸ ਨੇ ਕਿਹਾ ਕਿ ਉਹ ਉਸ ਜਗ੍ਹਾ ‘ਤੇ ਲੈ ਕੇ ਜਾ ਸਕਦੀ ਹੈ ਜਿੱਥੋਂ ਨਸ਼ਾ ਅੱਗੇ ਸਪਲਾਈ ਹੁੰਦਾ ਹੈ। ਇਸ ਤੋਂ ਬਾਅਦ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਦੀਆਂ ਟੀਮਾਂ ਫਿਰੋਜ਼ਪੁਰ ਰਵਾਨਾ ਹੋ ਗਈਆਂ ਹਨ। ਦੂਜੇ ਪਾਸੇ ਸ਼ੁੱਕਰਵਾਰ ਨੂੰ ਸਤਿਕਾਰ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਏਐਨਟੀਐਫ ਅਧਿਕਾਰੀਆਂ ਨੂੰ ਉਸ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਹੈ। ਏਐੱਨਟੀਐਫ ਅਨੁਸਾਰ ਸਤਿਕਾਰ ਕੌਰ ਵੱਲੋਂ ਪੰਜਾਬ ‘ਚ ਹੀ ਨਹੀਂ ਸਗੋਂ ਹਰਿਆਣਾ ਤੇ ਦਿੱਲੀ ‘ਚ ਵੀ ਨਸ਼ਾ ਵੇਚਿਆ ਜਾਂਦਾ ਸੀ। ਉਸ ਤੋਂ ਉਸ ਦੇ ਪੱਕੇ ਗਾਹਕਾਂ ਦੇ ਨੰਬਰ ਤੇ ਪੈਸਾ ਟਰਾਂਸਫਰ ਹੋਣ ਦੇ ਵੀ ਸਬੂਤ ਮਿਲੇ ਹਨ। ਉੱਧਰ, ਪੁਲਿਸ ਨੇ ਉਸ ਨੂੰ ਦਿੱਤੀ ਹੋਈ ਸੁਰੱਖਿਆ ਵੀ ਵਾਪਸ ਲੈ ਲਈ ਹੈ। ਇਹੀ ਨਹੀਂ, ਪੁਲਿਸ ਨੇ ਉਸ ਦੇ ਚੰਡੀਗੜ੍ਹ ਤੇ ਫਿਰੋਜ਼ਪੁਰ ਦੇ ਤਿੰਨ ਬੈਂਕ ਖਾਤਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *