ਝੋਨੇ ਦੀ ਖ਼ਰੀਦ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੰਜਾਬ ਸਰਕਾਰ ‘ਤੇ ਨਿਸ਼ਾਨਾ

ਝੋਨੇ ਦੀ ਖ਼ਰੀਦ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਹਨ। ਅੱਜ ਮੁੱਖ ਮੰਤਰੀ ਕੇਂਦਰੀ ਮੰਤਰੀ ਜੇ ਪੀ ਨੱਢਾ ਨੂੰ ਮਿਲ ਰਹੇ ਹਨ ਤਾਂ ਜੋ ਡੀਏਪੀ ਖਾਦ ਦੀ ਆ ਰਹੀ ਕਮੀ ਨੂੰ ਦੂਰ ਕੀਤਾ ਜਾਵੇ। ਇਸ ਵਿਚਾਲੇ ਹੁਣ ਮੈਦਾਨ ਵਿੱਚ ਕੇਂਦਰ ਸਰਕਾਰ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਆ ਗਏ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਬਾਦਲ ਅਤੇ ਕੈਪਟਨ ਮੁੱਖ ਮੰਤਰੀ ਰਹੇ ਹਨ। ਉਹਨਾਂ ਦੇ ਸਮੇਂ ਤਾਂ ਕੋਈ ਖਰੀਦ ਵਿੱਚ ਪ੍ਰੇਸ਼ਾਨੀ ਨਹੀਂ ਆਈ। ਮੌਜੂਦਾ ਸਰਕਾਰ ਸਮੇਂ ਹੀ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਕਿਸਾਨਾਂ ਨੇ ਪੰਜਾਬ ਵਿੱਚ 4 ਥਾਵਾਂ ਤੇ ਹਾਈਵੇਅ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੇ ਮੁੱਦੇ ਤੇ ਸਿਆਸਤ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਕੇਂਦਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਬਿੱਟੂ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਨੇ ਤਾਂ ਕਰੀਬ 2 ਮਹੀਨੇ ਪਹਿਲਾਂ ਹੀ CCL ਦਾ 44 ਹਜ਼ਾਰ ਕਰੋੜ ਰੁਪਏ ਜਾਰੀ ਕਰ ਦਿੱਤਾ ਸੀ ਪਰ ਅਜੇ ਤੱਕ ਫ਼ਸਲ ਦੀ ਖਰੀਦ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜੇ ਹੋਰ ਪੈਸੇ ਦੀ ਲੋੜ ਹੈ ਤਾਂ ਸਰਕਾਰ ਲਿਖ ਕੇ ਭੇਜੇ ਕੇਂਦਰ ਸਰਕਾਰ ਹੋਰ ਪੈਸੇ ਜਾਰੀ ਕਰ ਦੇਵੇਗੀ। ਰਵਨੀਤ ਬਿੱਟੂ ਨੇ ਮੁੱਖ ਮੰਤਰੀ ਮਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਫ਼ਸਲ ਦੀ ਖਰੀਦ ਕਰਵਾਉਣਾ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ। ਪਰ ਇੱਕ ਵਾਰ ਵੀ ਮੁੱਖ ਮੰਤਰੀ ਕਿਸੇ ਮੰਡੀ ਵਿੱਚ ਨਹੀਂ ਗਏ। ਖਰੀਦ ਨਾ ਹੋਣ ਕਾਰਨ ਪੰਜਾਬ ਵਿੱਚ ਹਾਹਾਕਾਰ ਮੱਚੀ ਹੋਈ ਹੈ। ਕੋਈ ਦੱਸੇਗਾ ਕੀ ਮੁੱਖ ਮੰਤਰੀ ਕਿੱਥੇ ਹਨ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਕੋਲੋਂ ਗਲਤ ਤਰ੍ਹਾਂ ਦੀ ਵਰਾਇਟੀ ਲਗਵਾਈ ਜਿਸ ਦਾ ਨੁਕਸਾਨ ਸੈਲਰਾਂ ਵਾਲਿਆਂ ਨੂੰ ਹੋਇਆ। ਕਿਉਂਕਿ ਫਸਲ ਦਾ ਦਾਣਾ ਟੁੱਟ ਰਿਹਾ ਹੈ। ਸੂਬੇ ਵਿੱਚ ਜਿੱਥੇ ਕਣਕ ਦੀ ਫ਼ਸਲ ਦੀ ਬਿਜਾਈ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਸਾਹਮਣੇ ਇੱਕ ਹੋਰ ਸਮੱਸਿਆ ਖੜੀ ਹੋ ਗਈ ਹੈ। DAP ਖਾਦ ਦੀ ਕਮੀ ਦਾ ਸਾਹਮਣਾ ਪੰਜਾਬ ਕਰ ਰਿਹਾ ਹੈ। ਜਿਸ ਦੀ ਪੂਰਤੀ ਦੇ ਲਈ ਅੱਜ ਮੁੱਖ ਮੰਤਰੀ ਕੇਂਦਰ ਨਾਲ ਗੱਲਬਾਤ ਕਰਨਗੇ ਤਾਂ ਜੋ ਕਿਸਾਨਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।

Leave a Reply

Your email address will not be published. Required fields are marked *