ਪੰਜਾਬ ਦੇ ਕਿਸਾਨ ਹੀ ਨਹੀਂ, ਸਗੋਂ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਸਮੇਤ ਕਈ ਹੋਰਨਾਂ ਸੂਬਿਆਂ ਦੇ ਕਿਸਾਨ ਵੀ ਡੀ.ਏ.ਪੀ. ਖਾਦ ਦੀ ਜ਼ਬਰਦਸਤ ਘਾਟ ਨਾਲ ਜੂਝ ਰਹੇ ਹਨ । ਯੂਰੀਆ ਤੋਂ ਬਾਅਦ ਡੀ.ਏ.ਪੀ. ਖਾਦ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਅਤੇ ਹਾੜ੍ਹੀ ਦੀਆਂ ਫ਼ਸਲਾਂ ਲਈ ਡੀ.ਏ.ਪੀ. ਇਕ ਪ੍ਰਮੁੱਖ ਖਾਦਾਂ ‘ਚੋਂ ਇਕ ਹੈ । ਡੀ.ਏ.ਪੀ. ਖਾਦ ਦੀ ਘਾਟ ਦਾ ਪ੍ਰਮੁੱਖ ਕਾਰਨ ਲਾਲ ਸਾਗਰ ਦੇ ਰੇੜਕੇ ਕਾਰਨ ਡੀ.ਏ.ਪੀ. ਖਾਦ ਨੂੰ ਦਰਾਮਦ ਕਰਨ ‘ਚ ਵੱਧ ਖ਼ਰਚੇ ਅਤੇ ਹੋ ਰਹੀ ਦੇਰੀ ਹੈ । ਇਜ਼ਰਾਈਲ ਤੇ ਫਲਸਤੀਨ ਦੀ ਲੜਾਈ ਦੇ ਚਲਦੇ ਫਲਸਤੀਨ ਹਮਾਇਤੀ ਹੂਤੀ ਲੜਾਕਿਆਂ ਵਲੋਂ ਮਾਲਵਾਹਕ ਜਹਾਜ਼ਾਂ ‘ਤੇ ਕੀਤੇ ਜਾ ਰਹੇ ਹਮਲੇ ਕਾਰਨ ਜਨਵਰੀ 2024 ਤੋਂ ਬਾਅਦ ਡੀ.ਏ.ਪੀ. ਖਾਦ ਦੀ ਦਰਾਮਦ ਦੱਖਣੀ ਅਫਰੀਕਾ ਦੇ ਕੈਂਪ ਆਫ਼ ਗੁਡ ਹੋਪ ਦੇ ਰਾਹੀਂ 6500 ਕਿਲੋਮੀਟਰ ਵੱਧ ਸਫ਼ਰ ਕਰ ਕੇ ਕੀਤੀ ਜਾ ਰਹੀ ਹੈ, ਜਿਸ ਨਾਲ ਦਰਾਮਦ ਵੱਧ ਖ਼ਰਚ ਤੇ ਵਾਧੂ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਕੌਮਾਂਤਰੀ ਮੰਡੀ ‘ਚ ਡੀ.ਏ.ਪੀ. ਖਾਦ ਦੀਆਂ ਕੀਮਤਾਂ ਵਾਧਾ ਹੋਣਾ ਵੀ ਡੀ.ਏ.ਪੀ. ਖਾਦ ਦੀ ਘਾਟ ਦਾ ਦੂਜਾ ਮੁੱਖ ਕਾਰਨ ਹੈ । ਦੇਸ਼ ‘ਚ ਇਸ ਸਾਲ ਭਰਪੂਰ ਔਸਤ ਨਾਲੋਂ ਤਕਰੀਬਨ 7.6 ਫ਼ੀਸਦੀ ਵੱਧ ਬਰਸਾਤ ਪੈਣ ਨਾਲ ਵੀ ਡੀ.ਏ.ਪੀ. ਖਾਦ ਦੀ ਮੰਗ ਵੱਧ ਗਈ ਹੈ। ਦੇਸ਼ ਦੇ ਕਈ ਸੂਬਿਆਂ ‘ਚ ਡੀ.ਏ.ਪੀ. ਖਾਦ ਦੀ ਕਾਲਾਬਾਜ਼ਾਰੀ ਕਰਨ ਦੀਆਂ ਵੀ ਖ਼ਬਰਾਂ ਮਿਲ ਰਹੀਆਂ ਹਨ । ਸਤੰਬਰ ਮਹੀਨੇ ਹਰਿਆਣਾ ‘ਚ ਚੋਣਾਂ ਹੋਣ ਕਾਰਨ ਡੀ.ਏ.ਪੀ. ਖਾਦ ਦੀ ਸਪਲਾਈ ਲੋੜ ਨਾਲੋਂ ਵੱਧ 64 ਹਜ਼ਾਰ ਕੀਤੀ ਗਈ ਸੀ ਪਰ ਹੁਣ ਹਰਿਆਣਾ ਦੇ ਕਿਸਾਨ ਵੀ ਡੀ.ਏ.ਪੀ. ਖਾਦ ਲੈਣ ਲਈ ਭਟਕਦੇ ਫਿਰਦੇ ਹਨ।