ਬੁਰੀ ਤਰ੍ਹਾਂ ਤਸੀਹੇ ਦੇਣ ਤੋਂ ਬਾਅਦ ਇੱਕ ਬਜ਼ੁਰਗ ਵਿਅਕਤੀ ਨੂੰ ਕਾਰ ਤੋਂ ਹੇਠਾਂ ਸੁੱਟ ਦਿੱਤਾ ਗਿਆ l ਗੰਭੀਰ ਹਾਲਤ ਵਿੱਚ ਫੱਟੜ ਹੋਏ ਬਜ਼ੁਰਗ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ l ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਸਾਰੇ ਕੇਸ ਦੀ ਪੜਤਾਲ ਕਰਨ ਵਿੱਚ ਜੁਟ ਗਈ ਹੈ l ਮ੍ਰਿਤਕ ਦੀ ਪਛਾਣ ਸੰਤੋਖ ਨਗਰ ਦੇ ਵਾਸੀ ਨਰਿੰਦਰ ਕੁਮਾਰ(67) ਵਜੋਂ ਹੋਈ ਹੈ l ਜਾਣਕਾਰੀ ਦਿੰਦੇ ਹੋਏ ਨਰਿੰਦਰ ਕੁਮਾਰ ਦੇ ਬੇਟੇ ਪ੍ਰਦੀਪ ਨੇ ਦੱਸਿਆ ਕਿ ਉਸਦੇ ਪਿਤਾ ਬਿਜਲੀ ਦਾ ਕੰਮ ਕਰਦੇ ਹਨ ਅਤੇ ਬੁੱਧਵਾਰ ਦੁਪਹਿਰ ਨੂੰ ਉਹ ਘਰ ਤੋਂ ਕੰਮ ਲਈ ਨਿਕਲੇ l ਸ਼ਾਮ ਵੇਲੇ ਪ੍ਰਦੀਪ ਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਉਹਨਾਂ ਦੇ ਪਿਤਾ ਦਾਣਾ ਮੰਡੀ ਦੇ ਕੋਲ ਜ਼ਖ਼ਮੀ ਹਾਲਤ ਵਿੱਚ ਹਨ l ਮੁੱਢਲੀ ਪੜਤਾਲ ਦੌਰਾਨ ਇਹ ਪਤਾ ਲੱਗਾ ਕਿ ਦੋ ਵਿਅਕਤੀਆਂ ਨੇ ਉਨਾਂ ਦੇ ਪਿਤਾ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਸੱਟਾਂ ਮਾਰ ਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ ਸੀ l ਹਮਲਾ ਕਰਨ ਤੋਂ ਬਾਅਦ ਮੁਲਜ਼ਮ ਬਜ਼ੁਰਗ ਨੂੰ ਗੱਡੀ ‘ਚੋਂ ਬਾਹਰ ਸੁੱਟ ਕੇ ਚਲੇ ਗਏl ਗੰਭੀਰ ਰੂਪ ਵਿੱਚ ਫੱਟੜ ਹੋਏ ਬਜ਼ੁਰਗ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ l ਪੋਸਟਮਾਰਟਮ ਅਤੇ ਅਗਲੀ ਕਾਰਵਾਈ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ l