ਪੰਜਾਬ ਦੇ ਹੁਸ਼ਿਆਰਪੁਰ ਦੇ ਹਲਕਾ ਦਸੂਹਾ ‘ਚ ਟਰੱਕ ਅਤੇ ਟਰਾਲੀ ਵਿਚਾਲੇ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ ਵਿੱਚ ਟਰੱਕ ਚਾਲਕ ਦੀ ਮੌਤ ਹੋ ਗਈ ਜਦਕਿ ਦੋਵਾਂ ਵਾਹਨਾਂ ‘ਚ ਸਵਾਰ 3 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਫਿਲਹਾਲ ਦਸੂਹਾ ਦੇ ਸਰਕਾਰੀ ਹਸਪਤਾਲ ‘ਚ ਇਲਾਜ ਲਈ ਰੱਖਿਆ ਗਿਆ ਹੈ। ਇਹ ਹਾਦਸਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਅੱਡਾ ਗਰਨਾ ਸਾਹਿਬ ਨੇੜੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝਿੰਗੜਾਂ ਦਾ ਰਹਿਣ ਵਾਲਾ ਸਵਰਨ ਰਸ਼ਪਾਲ ਸਿੰਘ ਆਪਣੇ ਭਤੀਜੇ ਮਨਵੀਰ ਸਿੰਘ ਨਾਲ ਟਰੈਕਟਰ ਟਰਾਲੀ ’ਤੇ ਕਿਸੇ ਕੰਮ ਲਈ ਦਸੂਹਾ ਜਾ ਰਿਹਾ ਸੀ ਅਤੇ ਜਿਵੇਂ ਹੀ ਟ੍ਰੈਕਟਰ ਟਰਾਲੀ ਅੱਡਾ ਗਰਨਾ ਸਾਹਿਬ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਗੱਡੀ ਸੜਕ ਕਿਨਾਰੇ ਲੱਗੇ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਦਰੱਖਤ ਟੁੱਟ ਕੇ ਹਾਈਵੇ ‘ਤੇ ਜਾ ਡਿੱਗਿਆ। ਇਸ ਹਾਦਸੇ ‘ਚ ਕੁੱਲ 4 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਦਸੂਹਾ ਸਿਵਲ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡ੍ਰਾਈਵਰ ਸ਼ਰਾਬ ਦੇ ਨਸ਼ੇ ‘ਚ ਸੀ। ਜਦੋਂ ਟਰੱਕ ਚਾਲਕ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਹਾਦਸੇ ਕਾਰਨ ਕਈ ਘੰਟੇ ਇੱਕ ਪਾਸੇ ਆਵਾਜਾਈ ਵਿੱਚ ਵਿਘਨ ਪਿਆ ਰਿਹਾ। ਫਿਲਹਾਲ ਇਸ ਮਾਮਲੇ ਸਬੰਧੀ ਦਸੂਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਾਹਨਾਂ ਨੂੰ ਹਾਈਵੇ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।