ਜੰਡਿਆਲਾ ਗੁਰੂ ਨਜ਼ਦੀਕੀ ਕਸਬਾ ਬਾਬਾ ਬਕਾਲਾ ਸਾਹਿਬ ਵਿਖੇ ਦੇਰ ਰਾਤ ਇੱਕ ਵਿਆਹੁਤਾ ਔਰਤ ਵਲੋਂ ਕਥਿਤ ਨਾਜਾਇਜ਼ ਸਬੰਧਾਂ ਦੇ ਚੱਲਦੇ ਹੋਏ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਫੌਜੀ ਪਤੀ ਦਾ ਕਥਿਤ ਤੌਰ ’ਤੇ ਕਤਲ ਕਰਵਾ ਦਿੱਤਾ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਤਾਪ ਸਿੰਘ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 8:30 ਵਜੇ ਮੁਲਜ਼ਮਾਂ ਵੱਲੋਂ ਫੌਜੀ ਸੁਖਦੇਵ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਦਾ ਕਤਲ ਕੀਤਾ ਗਿਆ। ਉਕਤ ਘਟਨਾ ਦੀ ਜਾਣਕਾਰੀ ਉਨ੍ਹਾਂ ਦੀ ਭਣੇਵੀਂ ਵੱਲੋਂ ਉਹਨਾਂ ਨੂੰ ਦਿੱਤੀ ਗਈ। ਜਿਸ ਨੇ ਦੱਸਿਆ ਕਿ ਜਿਸ ਵਕਤ ਕਥਿਤ ਮੁਲਜ਼ਮ ਘਟਨਾ ਨੂੰ ਅੰਜਾਮ ਦੇ ਰਹੇ ਸਨ ਤਾਂ ਉਸਦੀ ਮਾਂ ਜਸਵਿੰਦਰ ਕੌਰ ਨੇ ਉਸਦੇ ਪਿਤਾ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਜਿਸ ਤੋਂ ਬਾਅਦ ਉਹਨਾਂ ਨੂੰ ਉਕਤ ਮਾਮਲੇ ਵਿੱਚ ਸ਼ੱਕ ਹੋਇਆ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਕਥਿਤ ਮੁਲਜ਼ਮਾਂ ਦੀ ਪਹਿਚਾਣ ਉਹਨਾਂ ਵੱਲੋਂ ਕਰ ਲਈ ਗਈ। ਇਸ ਦੇ ਨਾਲ ਹੀ ਥਾਣਾ ਬਿਆਸ ਦੀ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਨਾਲ ਹੀ ਕੈਮਰੇ ਤੇ ਤਸਦੀਕ ਕੀਤੇ ਗਏ ਕਥਿਤ ਮੁਲਜ਼ਮਾਂ ਦੀ ਭਾਲ ਕਰਦੇ ਹੋਏ ਉਹਨਾਂ ਨੂੰ ਫਿਰੋਜ਼ਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਫਿਲਹਾਲ ਪੁਲਿਸ ਵੱਲੋਂ ਥਾਣਾ ਬਿਆਸ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕਥਿਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਸਬੰਧੀ ਫਿਲਹਾਲ ਡੀਐਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਨੇ ਫੋਨ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਤਨੀ ਸਣੇ ਦੋ ਹੋਰ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ। ਇਸ ਮਾਮਲੇ ’ਚ ਹੋਰ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਪ੍ਰੈਸ ਨੂੰ ਇਸ ਸਬੰਧੀ ਮੁਕੰਮਲ ਜਾਣਕਾਰੀ ਦੇਣ ਦੀ ਗੱਲ ਆਖੀ ਗਈ ਹੈ।