ਚੋਣਾਂ ਲਈ ਭਲਕੇ ਹੋਵੇਗੀ ਵੋਟਿੰਗ, ਸੰਵੇਦਨਸ਼ੀਲ ਬੂਥਾਂ ‘ਤੇ ਵਧਾਈ ਸੁਰੱਖਿਆ

ਪੰਜਾਬ ਵਿਚ ਜਲੰਧਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ ਵਲੋਂ 2000 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤਾਂ ਜੋ ਚੋਣਾਂ ਅਮਨ-ਅਮਾਨ ਨਾਲ ਕਰਵਾਈਆਂ ਜਾ ਸਕਣ। ਨਗਰ ਨਿਗਮ ਚੋਣਾਂ ਦੌਰਾਨ 176 ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ, ਜਿਨ੍ਹਾਂ ਵਿਚੋਂ 6 ਅਤਿ ਸੰਵੇਦਨਸ਼ੀਲ ਬੂਥ ਹਨ। ਕੁੱਲ 677 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪੁਲਿਸ ਨੇ ਹਰੇਕ ਬੂਥ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਬੂਥਾਂ ‘ਤੇ ਮੁਲਾਜ਼ਮ ਤਾਇਨਾਤ ਕਰ ਦਿਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਸ਼ਹਿਰ ਵਿਚ ਸੀਸੀਟੀਵੀ ਵੈਨ ਅਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ। ਜਿਸ ਥਾਂ ‘ਤੇ ਵਿਵਾਦ ਦਾ ਖ਼ਤਰਾ ਜ਼ਿਆਦਾ ਹੈ, ਉਸ ਥਾਂ ‘ਤੇ ਜ਼ਿਆਦਾ ਸੁਰੱਖਿਆ ਰੱਖੀ ਗਈ ਹੈ। ਹਰ ਸਬ ਡਿਵੀਜ਼ਨ ਦੇ ਏਸੀਪੀ ਥਾਣਿਆਂ ਦੇ ਐਸਐਸਓਜ਼ ਦੇ ਨਾਲ ਫੀਲਡ ਵਿਚ ਹੋਣਗੇ ਅਤੇ ਸ਼ਾਂਤੀ ਬਣਾਈ ਰਖਣਗੇ। ਪੁਲਿਸ ਵਲੋਂ ਅੱਜ ਵੀ ਵੱਖ-ਵੱਖ ਇਲਾਕਿਆਂ ਵਿਚ ਫਲੈਗ ਮਾਰਚ ਕਢਿਆ ਜਾਵੇਗਾ। ਤਾਂ ਜੋ ਲੋਕਾਂ ਵਿਚ ਡਰ ਖ਼ਤਮ ਹੋ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣਾਂ ਕਰਵਾਉਣ ਲਈ ਕਮਿਸ਼ਨਰ ਪੁਲਿਸ ਦੇ 1200 ਤੋਂ ਵੱਧ ਮੁਲਾਜ਼ਮ ਤਾਇਨਾਤ ਹੋਣਗੇ, ਜੋ ਬਾਹਰਲੇ ਸ਼ਹਿਰਾਂ ਤੋਂ ਆ ਕੇ ਚੋਣਾਂ ਵਿਚ ਆਪਣੀ ਡਿਊਟੀ ਨਿਭਾਉਣਗੇ। ਸ਼ਹਿਰ ਵਿੱਚੋਂ ਕੁੱਲ 800 ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਵੱਖ-ਵੱਖ ਟੁਕੜੀਆਂ ਨੂੰ ਸਬ-ਡਵੀਜ਼ਨ ਅਨੁਸਾਰ ਵੰਡਿਆ ਜਾਵੇਗਾ ਅਤੇ ਇਨ੍ਹਾਂ ਦੀ ਨਿਗਰਾਨੀ ਡੀਐਸਪੀ ਰੈਂਕ ਦੇ ਅਧਿਕਾਰੀ ਕਰਨਗੇ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ ਨਾਲ ਜ਼ਮੀਨੀ ਕਰਮਚਾਰੀਆਂ ਦਾ ਸੰਪਰਕ ਵੀ ਵਧਾਇਆ ਗਿਆ ਹੈ।

Leave a Reply

Your email address will not be published. Required fields are marked *