ਗੁਰਦਾਸਪੁਰ ‘ਚ ਪੁਲਿਸ ਨੇ ਪ੍ਰੇਮੀ-ਪ੍ਰੇਮਿਕਾ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 257 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ, ਇਲੈਕਟ੍ਰਾਨਿਕ ਫੋਰਕ ਅਤੇ ਇੱਕ ਮੋਬਾਈਲ ਬਰਾਮਦ ਕੀਤਾ ਹੈ। ਮੁਲਜ਼ਮਾਂ ਵਿਚ ਲੀਆ ਵਾਸੀ ਧਾਰੀਵਾਲ ਅਤੇ ਅਜੇ ਸ਼ਰਮਾ ਵਾਸੀ ਗੁਰਦਾਸਪੁਰ ਸ਼ਾਮਲ ਹਨ। ਤਿੱਬੜ ਥਾਣੇ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਿੰਡ ਔਜਲਾ ਬਾਈਪਾਸ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਅਤੇ ਇਕ ਲੜਕੀ ਸਕੂਟਰੀ ‘ਤੇ ਆ ਰਹੇ ਸਨ। ਸ਼ੱਕ ਹੋਣ ‘ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣੀ ਪਛਾਣ ਦੱਸੀ। ਲੀਆ ਸਕੂਟਰੀ ਚਲਾ ਰਹੀ ਸੀ। ਪੁਲਿਸ ਟੀਮ ਨੇ ਲੀਆ ਦੇ ਹੱਥ ‘ਚ ਫੜੇ ਮੋਮੀ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ‘ਚੋਂ 257 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਬਾਲਗ ਹਨ ਅਤੇ ਇੱਕ ਦੂਜੇ ਦੇ ਦੋਸਤ ਹਨ। ਦੋਵੇਂ ਪਿਛਲੇ ਕੁਝ ਸਮੇਂ ਤੋਂ ਇਕੱਠੇ ਹੈਰੋਇਨ ਵੇਚਣ ਦਾ ਕੰਮ ਕਰ ਰਹੇ ਸਨ। ਪਰ ਦੋਵਾਂ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੋਇਆ। ਦੋਵਾਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।