ਮਾਨਸਾ ਜ਼ਿਲ੍ਹੇ ਦੇ ਬੁਰਜ ਰਾਠੀ ਰਜਬਾਹੇ ਤੋਂ ਪੁਲਿਸ ਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਜੋਗਾ ਦੀ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਬੀਤੀ ਸ਼ਾਮ ਗੁਰਜਰ ਰਾਠੀ ਦੇ ਰਜਵਾਹਾ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਲਾਸ਼ ਨੂੰ ਮਾਨਸਾ ਦੇ ਹਸਪਤਾਲ ਵਿਚ ਰਖਵਾਇਆ ਗਿਆ, ਜਿਸ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ। ਪੁਲਿਸ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਦੀ ਪਤਨੀ ਗਗਨਦੀਪ ਕੌਰ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪਤੀ ਕੁਲਦੀਪ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੰਮ ਲਈ ਘਰੋਂ ਨਿਕਲਿਆ ਸੀ, ਪਰ ਦੇਰ ਸ਼ਾਮ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਜਦੋਂ ਪਰਿਵਾਰ ਵਾਲਿਆਂ ਨੇ ਫੋਨ ਕੀਤਾ ਤਾਂ ਉਸ ਦਾ ਮੋਬਾਈਲ ਵੀ ਬੰਦ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਔਰਤ ਨੇ ਦੱਸਿਆ ਕਿ ਉਸ ਨੂੰ ਪੁਲਿਸ ਤੋਂ ਸੂਚਨਾ ਮਿਲੀ ਕਿ ਬੁਰਜ ਰਾਠੀ ਰਜਬਾਹੇ ਨੇੜੇ ਮੋਟਰਸਾਈਕਲ ਦੇ ਨਾਲ ਇਕ ਵਿਅਕਤੀ ਦੀ ਲਾਸ਼ ਪਈ ਹੈ। ਜਦੋਂ ਉਸ ਨੇ ਮੌਕੇ ’ਤੇ ਪਹੁੰਚ ਕੇ ਉਸ ਦੀ ਪਛਾਣ ਕੀਤੀ ਤਾਂ ਮ੍ਰਿਤਕ ਉਸ ਦਾ ਪਤੀ ਹੀ ਨਿਕਲਿਆ। ਕੁਲਦੀਪ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦਾ ਕਤਲ ਕੀਤਾ ਗਿਆ ਹੈ। ਗਗਨਦੀਪ ਕੌਰ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਕੁਲਦੀਪ ਸਿੰਘ ਦੀ ਕੁਝ ਵਿਅਕਤੀਆਂ ਨਾਲ ਲੜਾਈ ਹੋ ਗਈ ਸੀ ਅਤੇ ਉਹ ਹਰ ਵਾਰ ਉਸ ਦਾ ਪਿੱਛਾ ਕਰਦੇ ਸਨ। ਪੁਲਿਸ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਦੀ ਪਤਨੀ ਗਗਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।