ਅੱਜ ਸਵੇਰੇ ਕਰੀਬ 10 ਵਜੇ ਹੁਸ਼ਿਆਰਪੁਰ ਦਸੂਹਾ ਦੇ ਤਲਵਾੜਾ ਰੋਡ ‘ਤੇ ਇਕ ਨਿੱਜੀ ਕੰਪਨੀ ਦੀ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਕਾਰਨ ਬੱਸ ਸਿੱਧੀ ਸੜਕ ਕਿਨਾਰੇ ਲੱਗੇ ਇੱਕ ਦਰੱਖ਼ਤ ਨਾਲ ਜਾ ਟਕਰਾਈ। ਖ਼ੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿਚ ਕੋਈ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਨਹੀਂ ਹੋਇਆ। ਜਾਣਕਾਰੀ ਦਿੰਦਿਆਂ ਬੱਸ ਚਾਲਕ ਗੁਰਨਾਮ ਸਿੰਘ ਨੇ ਦਸਿਆ ਕਿ ਉਹ ਤਲਵਾੜਾ ਤੋਂ ਦਸੂਹਾ ਵੱਲ ਆ ਰਿਹਾ ਸੀ। ਉਦੋਂ ਮੀਂਹ ਪੈ ਰਿਹਾ ਸੀ। ਜਦੋਂ ਬੱਸ ਘੋਘਰਾ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਅਚਾਨਕ ਬ੍ਰੇਕਾਂ ਲਗਾ ਦਿਤੀਆਂ। ਸੜਕ ‘ਤੇ ਚਿੱਕੜ ਹੋਣ ਕਾਰਨ ਟਰੱਕ ਸਲਿੱਪ ਹੋ ਗਿਆ ਅਤੇ ਬੱਸ ਨਾਲ ਟਕਰਾ ਗਿਆ। ਬੱਸ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ। ਬੱਸ ਦੀ ਰਫ਼ਤਾਰ ਹੌਲੀ ਸੀ ਜਿਸ ਕਾਰਨ ਲੋਕ ਜ਼ਖ਼ਮੀ ਨਹੀਂ ਹੋਏ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦਾ ਮੁੱਖ ਕਾਰਨ ਸੜਕ ‘ਤੇ ਡਿੱਗੀ ਮਿੱਟੀ ਹੈ, ਜੋ ਕਿ ਬਾਰਿਸ਼ ਹੋਣ ‘ਤੇ ਚਿੱਕੜ ‘ਚ ਬਦਲ ਜਾਂਦੀ ਹੈ, ਜਿਸ ਕਾਰਨ ਕਈ ਲੋਕ ਇੱਥੇ ਡਿੱਗ ਕੇ ਜ਼ਖ਼ਮੀ ਵੀ ਹੋ ਰਹੇ ਹਨ।