ਸਾਹਿਬ-ਏ-ਕਮਾਲ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ‘ਚ ਚੱਲ ਰਹੇ ਸ਼ਹੀਦੀ ਸਮਾਗਮ ਦੇ ਆਖਰੀ ਦਿਨ ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ ਟ੍ਰੇਨ ਰਾਹੀਂ ਆ ਰਹੀਆਂ ਇਕ ਔਰਤ ਤੇ ਉਸ ਦੀ ਬੱਚੀ ਹਾਦਸੇ ਦਾ ਸ਼ਿਕਾਰ ਹੋ ਗਈਆਂ। ਜਦੋਂ ਇਹ ਔਰਤ ਤੇ ਉਸਦੀ 7 ਸਾਲਾ ਬੇਟੀ ਸਰਹਿੰਦ ਸਟੇਸ਼ਨ ‘ਤੇ ਪਹੁੰਚੇ ਤਾਂ ਇਕ ਰੇਲਗੱਡੀ ਦੀ ਲਪੇਟ ‘ਚ ਆ ਗਈਆਂ ਜਿਸ ਕਾਰਨ 7 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ ਔਰਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜੀਆਰਪੀ ਥਾਣਾ ਸਰਹਿੰਦ ਦੇ ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਲੜਕੀ ਤੇ ਔਰਤ ਦੀ ਹਾਲੇ ਤਕ ਪਛਾਣ ਨਹੀਂ ਹੋ ਸਕੀ ਹੈ। ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹੈ।