ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਜੈਤੋ ਵਿਚ ਸ਼ੁਕਰਵਾਰ ਦੇਰ ਸ਼ਾਮ ਮੀਂਹ ਕਾਰਨ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਜੈਤੋ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਇੱਥੋਂ ਉਨ੍ਹਾਂ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਮੈਡੀਕਲ ਕਾਲਜ ਹਸਪਤਾਲ, ਫ਼ਰੀਦਕੋਟ ਲਈ ਰੈਫ਼ਰ ਕੀਤਾ ਗਿਆ। ਜਾਣਕਾਰੀ ਅਨੁਸਾਰ ਸ਼ੁਕਰਵਾਰ ਦੇਰ ਸ਼ਾਮ ਪਏ ਮੀਂਹ ਕਾਰਨ ਜੈਤੋ ਦੇ ਕੋਠੇ ਦਿਹਾਤੀ ਇਲਾਕੇ ‘ਚ ਇਕ ਘਰ ਦੇ ਕਮਰੇ ਦੀ ਛੱਤ ਡਿੱਗ ਗਈ ਅਤੇ ਕਮਰੇ ‘ਚ ਬੈਠੇ ਮਾਂ-ਪੁੱਤ ਮਲਬੇ ਹੇਠਾਂ ਦਬ ਗਏ। ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਚੜ੍ਹਦੀ ਕਲਾ ਵੈਲਫ਼ੇਅਰ ਸੇਵਾ ਸੁਸਾਇਟੀ ਦੇ ਪ੍ਰਧਾਨ ਮੀਤ ਸਿੰਘ ਮੀਤਾ ਅਪਣੇ ਸਾਥੀਆਂ ਸਮੇਤ ਐਂਬੂਲੈਂਸ ਵਿਚ ਮੌਕੇ ’ਤੇ ਪੁੱਜੇ ਅਤੇ ਮਾਂ-ਪੁੱਤ ਨੂੰ ਮਲਬੇ ਹੇਠੋਂ ਬਾਹਰ ਕੱਢ ਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਲਾਜ ਲਈ ਜ਼ਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ’ਚ ਮੁਢਲੀ ਸਹਾਇਤਾ ਲਈ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਲਈ ਰੈਫ਼ਰ ਕਰ ਦਿਤਾ ਗਿਆ। ਦੂਜੇ ਪਾਸੇ ਕੋਟਕਪੂਰਾ ਸ਼ਹਿਰ ਦੇ ਮੁਹੱਲਾ ਹਰਨਾਮਪੁਰਾ ਵਿਚ ਸਨਿਚਰਵਾਰ ਸਵੇਰੇ ਘਰ ਦੀ ਛੱਤ ਡਿੱਗਣ ਨਾਲ ਇਕ 75 ਸਾਲਾ ਬਜ਼ੁਰਗ ਜ਼ਖ਼ਮੀ ਹੋ ਗਿਆ। ਜ਼ਖ਼ਮੀ ਬਜ਼ੁਰਗ ਕਰਤਾਰ ਸਿੰਘ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਰੈਫ਼ਰ ਕਰ ਦਿਤਾ ਗਿਆ।