ਨਵੇਂ ਸਾਲ ਮਨਾਉਣ ਲਈ ਬਹੁਤ ਸਾਰੇ ਸੈਲਾਨੀ ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਦਾ ਰੁਖ਼ ਕਰਦੇ ਹਨ। ਬਰਫ਼ ਦਾ ਆਨੰਦ ਮਾਣਨ ਲਈ ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਵਿਚ ਟੂਰਿਸਟਾਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲਦੀ ਹੈ ਪਰ ਜੇਕਰ ਤੁਸੀਂ ਵੀ ਕੁਝ ਇਸੇ ਤਰ੍ਹਾਂ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਪਹਿਲਾਂ ਉਥੇ ਦੇ ਮੌਸਮ ਬਾਰੇ ਜਾਣ ਲਓ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਫਿਲਹਾਲ ਭਾਰੀ ਬਰਫਬਾਰੀ ਵੇਖਣ ਨੂੰ ਮਿਲ ਰਹੀ ਹੈ। ਇਸ ਬਰਫਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਸੈਲਾਨੀਆਂ ਲਈ ਬਰਫਬਾਰੀ ਮਜ਼ੇ ਦੀ ਬਜਾਏ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਕੁੱਲੂ ਜ਼ਿਲੇ ‘ਚ ਸ਼ੁੱਕਰਵਾਰ ਨੂੰ ਭਾਰੀ ਬਰਫਬਾਰੀ ਕਾਰਨ ਕਰੀਬ 5,000 ਯਾਤਰੀ ਸੋਲਾਂਗ ਨਾਲੇ ‘ਚ ਫਸ ਗਏ। ਇਸ ਦੇ ਨਾਲ ਹੀ 1000 ਵਾਹਨ ਵੀ ਫਸੇ ਰਹੇ, ਪੁਲਿਸ ਨੇ ਆਪਣੀ ਟੀਮ ਦੇ ਨਾਲ ਸਾਰੇ ਸੈਲਾਨੀਆਂ ਨੂੰ ਬਾਹਰ ਕੱਢਿਆ। ਕੁੱਲੂ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਲਿਖਿਆ ਕਿ ਇਨ੍ਹਾਂ ਗੱਡੀਆਂ ਵਿੱਚ 5000 ਦੇ ਕਰੀਬ ਸੈਲਾਨੀ ਸਵਾਰ ਸਨ। ਕੁੱਲੂ ਪੁਲਿਸ ਨੇ ਵਾਹਨਾਂ ਅਤੇ ਸੈਲਾਨੀਆਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ।ਪੱਛਮੀ ਗੜਬੜੀ ਕਾਰਨ ਮੈਦਾਨੀ ਇਲਾਕਿਆਂ ਸਮੇਤ ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਦਰਜ ਕੀਤੀ ਗਈ। ਉੱਚਾਈ ਵਾਲੇ ਇਲਾਕਿਆਂ ‘ਚ ਸਵੇਰੇ ਬਰਫਬਾਰੀ ਸ਼ੁਰੂ ਹੋ ਗਈ, ਜਦਕਿ ਸ਼੍ਰੀਨਗਰ ਸਮੇਤ ਮੈਦਾਨੀ ਇਲਾਕਿਆਂ ‘ਚ ਦੁਪਹਿਰ ਬਾਅਦ ਬਰਫਬਾਰੀ ਹੋਈ। ਸ਼੍ਰੀਨਗਰ ਸ਼ਹਿਰ ਵਿੱਚ ਤਿੰਨ ਇੰਚ ਬਰਫ਼ਬਾਰੀ ਦਰਜ ਕੀਤੀ ਗਈ। ਸ਼੍ਰੀਨਗਰ ਤੋਂ ਇਲਾਵਾ ਗੰਦਰਬਲ, ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦਰਜ ਕੀਤੀ ਗਈ। ਬਰਫਬਾਰੀ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਅਤੇ ਮੁਗਲ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਵੀ ਪ੍ਰਭਾਵਿਤ ਹੋਈ, ਜਿਸ ਕਾਰਨ ਲਗਭਗ 2,000 ਵਾਹਨ ਫਸ ਗਏ। ਇਸ ਬਾਰੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਬਰਫ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਅੱਜ ਮੈਂ ਜੰਮੂ ਤੋਂ ਸ਼੍ਰੀਨਗਰ ਲਈ ਕਾਰ ਚਲਾਈ। ਬਨਿਹਾਲ ਤੋਂ ਸ਼੍ਰੀਨਗਰ ਤੱਕ ਲਗਾਤਾਰ ਬਰਫਬਾਰੀ ਹੋ ਰਹੀ ਹੈ। ਸਥਿਤੀ ਕਾਫ਼ੀ ਖ਼ਤਰਨਾਕ ਸੀ। ਮੈਂ ਸਮਝਦਾ ਹਾਂ ਕਿ ਕਰੀਬ 2000 ਵਾਹਨ ਸੁਰੰਗ ਅਤੇ ਕਾਜ਼ੀਗੁੰਡ ਵਿਚਕਾਰ ਫਸੇ ਹੋਏ ਹਨ। ਫਸੇ ਵਾਹਨਾਂ ਨੂੰ ਕੱਢਣ ਦੇ ਯਤਨ ਜਾਰੀ ਹਨ। ਸ਼ੁੱਕਰਵਾਰ ਨੂੰ ਲਾਹੌਲ-ਸਪੀਤੀ, ਚੰਬਾ, ਕਾਂਗੜਾ, ਕੁੱਲੂ, ਸ਼ਿਮਲਾ ਅਤੇ ਕਿਨੌਰ ਸਮੇਤ ਹਿਮਾਚਲ ਦੇ ਛੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਬਰਫਬਾਰੀ ਅਤੇ ਸੀਤ ਲਹਿਰ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਮੰਡੀ, ਕੁੱਲੂ ਅਤੇ ਚੰਬਾ ਦੇ ਨਾਲ-ਨਾਲ ਇਨ੍ਹਾਂ ਇਲਾਕਿਆਂ ‘ਚ 1 ਜਨਵਰੀ ਤੱਕ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਵਸਨੀਕਾਂ ਅਤੇ ਯਾਤਰੀਆਂ ਨੂੰ ਸੁਚੇਤ ਰਹਿਣ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।