ਪਿੰਡ ਔੜ ਤੋਂ ਨਵਾਂਸ਼ਹਿਰ ਵੱਲ ਨਿੱਕਲੀ ਤੇਜ਼ ਰਫ਼ਤਾਰ ਆਈ ਟਵਾਂਟੀ ਕਾਰ ਪੈਟਰੋਲ ਪੰਪ ਦੇ ਨਜ਼ਦੀਕ ਬੇਕਾਬੂ ਹੁੰਦਿਆਂ ਇਕ ਬਲੈਰੋ ਗੱਡੀ ਨੂੰ ਫੇਟ ਮਾਰਕੇ ਲੋਟਣੀਆਂ ਖਾਂਦੀ ਹੋਈ ਇਕ ਦੁਕਾਨ ਦੇ ਅੱਗੇ ਜਾ ਖੜ੍ਹੀ ਹੋਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਕੱਚੇ ਉੱਡ ਗਏ। ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ। ਕਾਰ ਚ ਸਵਾਰ ਇਕ ਬੱਚੀ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ 100 ਮੀਟਰ ਤੱਕ ਗੱਡੀ ਪਲਟਬਾਜ਼ੀਆਂ ਖਾਂਦੀ ਹੋਈ ਦਿਸ਼ਾ ਪੱਥਰ ਪੁੱਟ ਕੇ ਇੱਕ ਦਰਖਤ ਨਾਲ ਟਕਰਾ ਕੇ ਦੁਕਾਨਾਂ ਦੀਆਂ ਛੈਡਾਂ ਦੇ ਪਾਈਪ ਤੋੜਦੀ ਹੋਈ ਜਾ ਖਲੋਤੀ। ਇਸ ਹਾਦਸੇ ਦੌਰਾਨ ਗੱਡੀ ਚ ਸਵਾਰ ਮਾਂ ਤੇ ਧੀ ਗੱਡੀ ਚੋਂ ਬਾਹਰ ਡਿਗ ਗਈਆਂ ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਅਤੇ ਸਮੇਂ ਤੋਂ ਪਹਿਲਾਂ ਬੱਚੀ ਦੀ ਮੌਤ ਹੋ ਗਈ। ਹਾਦਸਾਗ੍ਰਸਤ ਕਾਰ ਦੇ ਡਰਾਈਵਰ ਦੀ ਕੋਈ ਉੱਘ ਸੁੱਘ ਨਹੀਂ ਮਿਲੀ, ਜਦਕਿ ਮੌਕੇ ਦੇ ਲੋਕਾਂ ਵਲੋਂ ਕਾਰ ਚਾਲਕ ਸਹੀ ਸਲਾਮਤ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਔੜ ਦੀ ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।