ਕਪੂਰਥਲਾ ਕੇਂਦਰੀ ਜੇਲ ‘ਚ ਕੈਦੀ ਦੀ ਵਿਗੜੀ ਸਿਹਤ; ਸਿਵਲ ਹਸਪਤਾਲ ‘ਚ ਮੌਤ, ਜਾਂਚ ਜਾਰੀ

ਪੰਜਾਬ ਦੀ ਕਪੂਰਥਲਾ ਜੇਲ੍ਹ ਵਿਚ ਇੱਕ ਕੈਦੀ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਫ਼ਿਲਹਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਕਾਰਨ ਸਪੱਸ਼ਟ ਹੋ ਸਕੇਗਾ। ਮ੍ਰਿਤਕ ਦੀ ਪਛਾਣ ਰਜਿੰਦਰ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਮਹਿਤਾਬਗੜ੍ਹ, ਕਪੂਰਥਲਾ ਵਜੋਂ ਹੋਈ ਹੈ। ਜੋ ਨਸ਼ਾ ਤਸਕਰੀ ਦੇ ਇੱਕ ਕੇਸ ਵਿਚ ਜੇਲ੍ਹ ਵਿਚ ਸੀ। ਥਾਣਾ ਕੋਤਵਾਲੀ, ਕਪੂਰਥਲਾ ਦੀ ਟੀਮ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਜਲਦੀ ਹੀ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ। ਸਿਵਲ ਹਸਪਤਾਲ ਵਿਚ ਮੌਜੂਦ ਡਾਕਟਰ ਸਿਧਾਰਥ ਬਿੰਦਰਾ ਨੇ ਮੀਡੀਆ ਨੂੰ ਦਸਿਆ ਕਿ ਕੇਂਦਰੀ ਜੇਲ੍ਹ ਵਿਚ ਬੰਦ ਇੱਕ ਕੈਦੀ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਜਿਸ ਦਾ ਨਾਂ ਰਜਿੰਦਰ ਸਿੰਘ ਦਸਿਆ ਗਿਆ। ਰਾਜਿੰਦਰ ਸਿੰਘ ਐਨਡੀਪੀਐਸ ਕੇਸ ਵਿਚ ਜੇਲ੍ਹ ਵਿਚ ਸੀ। ਜੇਲ੍ਹ ਵਿਚ ਹੀ ਰਜਿੰਦਰ ਦੀ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਜੇਲ੍ਹ ਵਿਚ ਹੀ ਹਲਕਾ ਇਲਾਜ ਦੇਣ ਮਗਰੋਂ ਤੁਰਤ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਇੱਥੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦਾ ਸਾਹ ਰੁਕ ਗਿਆ ਸੀ। ਉਨ੍ਹਾਂ ਦਸਿਆ ਕਿ ਮ੍ਰਿਤਕ ਕੈਦੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਵੀ ਮਾਮਲੇ ਸਬੰਧੀ ਸੂਚਿਤ ਕਰ ਦਿਤਾ ਗਿਆ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿਤਾ ਹੈ।

Leave a Reply

Your email address will not be published. Required fields are marked *