ਮੋਹਾਲੀ ਦੀ ਚੈੱਕ ਪੋਸਟ ‘ਤੇ ਤਾਇਨਾਤ ਇਕ ਇੰਸਪੈਕਟਰ ਡਿਊਟੀ ਦੌਰਾਨ ਲਾਪਰਵਾਹੀ ਵਰਤਦੇ ਹੋਏ ਆਪਣੀ ਕਾਰ ‘ਚ ਸੁੱਤਾ ਹੋਇਆ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਐਸਐਸਪੀ ਦੀਪਕ ਪਾਰੀਕ ਨੇ ਸਖ਼ਤ ਕਾਰਵਾਈ ਕਰਦਿਆਂ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਅੱਜ ਤੜਕੇ 3 ਵਜੇ ਕੀਤੀ ਗਈ, ਜਦੋਂ ਐਸਐਸਪੀ ਵੱਲੋਂ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਨਾਲ ਲੱਗਦੀਆਂ ਨਾਕੇਬੰਦੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪੁਲਿਸ ਲਾਈਨ ‘ਚ ਤਾਇਨਾਤ ਇੰਸਪੈਕਟਰ ਭੁਪਿੰਦਰ ਸਿੰਘ ਜੋ ਕਿ ਚੈਕਿੰਗ ਪੋਸਟ ‘ਤੇ ਤਾਇਨਾਤ ਸੀ, ਆਪਣੀ ਕਾਰ ‘ਚ ਸੁੱਤਾ ਪਿਆ ਮਿਲਿਆ। ਐਸਐਸਪੀ ਨੇ ਕਿਹਾ ਕਿ ਡਿਊਟੀ ਵਿਚ ਅਜਿਹੀ ਅਣਗਹਿਲੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਸੁਚੇਤ ਰਹਿਣ ਅਤੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ |