ਪੰਜਾਬ ਵਿਚ ਸੰਘਣੀ ਧੁੰਦ ਪੈ ਰਹੀ ਹੈ। ਜਿਸ ਨਾਲ ਕਈ ਥਾਵਾਂ ‘ਤੇ ਭਿਆਨਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਜਿਥੇ ਪਿੰਡ ਬਹਾਦਰਪੁਰ ਨਜ਼ਦੀਕ ਪੀਆਰਟੀਸੀ ਦੀ ਬੱਸ ਅਤੇ ਟਰੈਕਟਰ ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਕੰਡਕਟਰ ਦੀ ਮੌਤ ਹੋ ਗਈ ਜਦਕਿ 11 ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਉੱਤੇ ਪਹੁੰਚੀ ਗੁਰਦੁਆਰਾ ਮਸਤਮਾਨਾ ਸਾਹਿਬ ਦੀ ਐਬੂਲੈਂਸ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖ਼ਮੀਆਂ ਨੂੰ ਸੰਗਰੂਰ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮੀਡੀਆ ਨਾਲ ਗੱਲ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਜਵਾਨ ਨੇ ਦੱਸਿਆ ਕਿ ਇਹ ਬੱਸ ਸੰਗਰੂਰ ਤੋਂ ਬਰਨਾਲੇ ਵੱਲ ਜਾ ਰਹੀ ਸੀ। ਜਿਸ ਦਾ ਸੰਘਣੀ ਧੁੰਦ ਕਾਰਨ ਇੱਟਾਂ ਵਾਲੀ ਟਰਾਲੀ ਨਾਲ ਐਕਸੀਡੈਂਟ ਹੋ ਗਿਆ। ਹਾਦਸੇ ਵਿਚ ਬੱਸ ਦੇ ਕੰਡਕਟਰ ਦੀ ਮੌਤ ਹੋ ਗਈ। ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਬੱਸ ਬੜੇ ਆਰਾਮ ਨਾਲ ਜਾ ਰਹੀ ਸੀ ਪਰ ਟਰੈਕਟਰ ਚਾਲਕ ਨੇ ਇੱਕੋ ਦਮ ਹੀ ਸੜਕ ਉੱਤੇ ਟਰੈਕਟਰ ਟਰਾਲੀ ਚੜ੍ਹਾ ਦਿੱਤੇ। ਸੰਘਣੀ ਧੁੰਦ ਹੋਣ ਕਾਰਨ ਬੱਸ ਡਰਾਈਵਰ ਨੂੰ ਬੱਸ ਨਾ ਦਿੱਖੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।