ਧੁੰਦ ਕਰਕੇ ਪੰਜਾਬ ਵਿਚ ਹੋਣ ਵਾਲੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਅੱਜ ਫਿਰ ਤੋਂ ਪੰਜਾਬ ਵਿਚ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿਚ ਜਵਾਕਾਂ ਨਾਲ ਭਰੀ ਹੋਈ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ਗੁਰਦਾਸਪੁਰ ਦੀ ਇਕ ਸਕੂਲ ਵੈਨ ਨਾਲ ਵਾਪਰਿਆ ਜੋ ਕਿ ਸਫੈਦੇ ਦੇ ਦਰੱਖਤ ਨਾਲ ਜਾ ਟਕਰਾਈ ਤੇ ਵੈਨ ਵਿਚ ਬੈਠੇ ਬੱਚੇ ਜ਼ਖਮੀ ਹੋ ਗਏ। ਘਟਨਾ ਦੇ ਬਾਅਦ ਮੌਕੇ ‘ਤੇ ਚੀਕ ਚਿਹਾੜਾ ਮਚ ਗਿਆ।ਗੁਰਦਾਸਪੁਰ ਦੇ ਨਿੱਜੀ ਸਕੂਲ ਵੈਨ ਨਾਲ ਇਹ ਹਾਦਸਾ ਵਾਪਰਿਆ ਹੈ ਤੇ ਹਾਦਸੇ ਵਿਚ 8 ਬੱਚੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਇਕ ਦੀ ਹਾਲਤ ਗੰਭੀਰ ਹੈ। ਹਾਲਾਂਕਿ ਹਾਦਸੇ ਵਿਚ ਗਲਤੀ ਕਿਸ ਦੀ ਹੈ, ਸਕੂਲ ਵੈਨ ਦੇ ਚਾਲਕ ਨੂੰ ਦਰੱਖਤ ਨਹੀਂ ਦਿਖਿਆ ਜਾਂ ਓਵਰਟੇਕ ਦੇ ਚੱਕਰ ਵਿਚ ਇਹ ਹਾਦਸਾ ਵਾਪਰਿਆ ਹੈ, ਇਸ ਬਾਰੇ ਅਜੇ ਪੂਰੀ ਜਾਣਕਾਰੀ ਹਾਸਲ ਨਹੀਂ ਹੋਈ ਹੈ। ਮਾਪੇ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਹੋਏ ਹਨ। ਬੱਚਿਆਂ ਦਾ ਸਾਰਾ ਸਾਮਾਨ ਖਿਲਰਿਆ ਪਿਆ ਹੋਇਆ ਹੈ। ਮੌਕੇ ‘ਤੇ ਮੌਜੂਦ ਸ. ਬਲਜੀਤ ਸਿੰਘ ਨੇ ਦੱਸਿਆ ਅੱਜ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿਚ ਕਈ ਬੱਚੇ ਜ਼ਖਮੀ ਹੋਏ ਹਨ। ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਗੱਡੀਆਂ ਵਿਚ ਸਪੀਡ ਲਿਮਟ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਣ।ਦੱਸ ਦੇਈਏ ਕਿ ਡਰਾਈਵਰ ਵੀ ਜੇਰੇ ਇਲਾਜ ਹੈ ਤੇ ਉਸ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਪੁਲਿਸ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ ਤੇ ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।