ਚਾਲੀ ਮੁਕਤਿਆਂ ਦੀ ਯਾਦ ’ਚ ਸ੍ਰੀ ਮੁਕਤਸਰ ਸਾਹਿਬ ’ਚ ਹਰ ਸਾਲ ਲੱਗਣ ਵਾਲਾ ਇਤਹਾਸਕ ਮੇਲਾ ‘ਮਾਘੀ’ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ, ਸਿਆਸੀ ਹਸਤੀਆਂ, ਉਚ ਅਫ਼ਸਰ ਆਦਿ ਸਮਾਜ ਦੇ ਹਰ ਵਰਗ ਦੇ ਲੋਕ ਆਪਣੀ ਹਾਜ਼ਰੀ ਲਵਾਉਣ ਲਈ ਇਸ ਮੇਲੇ ਦਾ ਹਿੱਸਾ ਬਣਦੇ ਹਨ। ਇਸ ਮੌਕੇ ਅਕਸਰ ਟਰੈਫ਼ਿਕ ਤੇ ਅਮਨ ਕਾਨੂੰਨ ਦੀ ਸਮੱਸਿਆ ਦਾ ਡਰ ਬਣਿਆ ਰਹਿੰਦਾ ਹੈ। ਇਸ ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਟਰੈਫ਼ਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਪੁਲਿਸ ਵਲੋਂ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਤੁਸ਼ਾਰ ਗੁਪਤਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਪਵਿੱਤਰ ਤਿਉਹਾਰ ’ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 6 ਆਰਜੀ ਬੱਸ ਸਟੈਂਡ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵਲੋਂ 15 ਐਮਰਜੈਂਸੀ ਪੁਲਿਸ ਸਹਾਇਤਾ ਕੇਂਦਰ ਬਣਾਏ ਗਏ ਹਨ, ਜਿੱਥੋਂ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਣ ’ਤੇ ਆਮ ਲੋਕ ਬੜੀ ਅਸਾਨੀ ਨਾਲ ਇਨ੍ਹਾਂ ਪੁਲਿਸ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ ਤੇ ਪੁਲਿਸ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਅਮਨ ਕਾਨੂੰਨ ਤੇ ਸੁਰੱਖਿਆ ਕਾਇਮ ਰੱਖਣ ਲਈ ਸ਼ਹਿਰ ਦੇ ਅੰਦਰੂਨੀ ਭਾਗਾਂ ’ਚ 36 ਸਥਾਨਾਂ ’ਤੇ ਨਾਕੇ ਲਗਾਏ ਗਏ ਹਨ। ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਬਾਹਰੀ ਰਸਤਿਆਂ ’ਤੇ ਕੁੱਲ 43 ਸਥਾਨਾਂ ’ਤੇ ਨਾਕੇ ਲਗਾਏ ਗਏ ਹਨ। ਮੇਲਾ ਮਾਘੀ ਮੌਕੇ ਆਵਾਜਾਈ ਵਿਵਸਥਾ ਨੂੰ ਨਿਯਮਬੱਧ ਤਰੀਕੇ ਨਾਲ ਚਲਾਉਣ ਲਈ ਵੱਖ ਵੱਖ ਸਥਾਨਾਂ ’ਤੇ ਕੁੱਲ 19 ਟਰੈਫ਼ਿਕ ਪੁਆਇੰਟਾਂ ਦੀ ਪਹਿਚਾਣ ਕਰ ਕੇ ਜ਼ਰੂਰਤ ਅਨੁਸਾਰ ਟਰੈਫਿਕ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਤਰ੍ਹਾਂ ਆਮ ਲੋਕਾਂ ਤੇ ਮੇਲਾ ਵੇਖਣ ਆ ਰਹੀ ਸੰਗਤ ਦੇ ਮਨਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਬਣਾਈ ਰੱਖਣ ਦੇ ਮਕਸਦ ਨਾਲ 19 ਮੋਟਰਸਾਈਕਲ ਗਸ਼ਤਾਂ, 6 ਘੋੜਸਵਾਰ ਗਸ਼ਤਾਂ ਤੇ 18 ਪੈਦਲ ਗਸ਼ਤਾਂ ਸ਼ੁਰੂ ਕੀਤੀਆਂ ਗਈਆਂ ਹਨ। ਭੀੜ ਭੜੱਕੇ ਅਤੇ ਭਗਦੜ ਤੋਂ ਬਚਾਅ ਲਈ 10 ਸਥਾਨਾਂ ’ਤੇ ਪੁਲਿਸ ਟਾਵਰ ਸਥਾਪਤ ਕਰ ਕੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਸ਼ਹਿਰੀ ਏਰੀਆ ’ਚ ਸਥਿਤ ਸਿਨੇਮਾ ਘਰਾਂ, ਆਰਾਮ ਘਰਾਂ ’ਤੇ ਵੱਖਰੇ ਤੌਰ ’ਤੇ ਪੁਲਿਸ ਫ਼ੋਰਸ ਲਗਾਈ ਗਈ ਹੈ। ਮੇਲਾ ਵੇਖਣ ਆ ਰਹੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਾ ਕਰਨ, ਹੁੱਲੜਬਾਜ਼ੀ ਨਾ ਕਰਨ ਤੇ ਅਮਨ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਸ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦਾ ਸਮੁੱਚਾ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਕਿਸੇ ਵੀ ਮੁਸ਼ਕਲ ਸਮੇਂ ਲੋਕ ਪੁਲਿਸ ਕੰਟਰੋਲ ਰੂਮ ’ਤੇ 01633-263622, 80543-70100, 85560-12400, 112 ’ਤੇੇ ਸੰਪਰਕ ਕਰ ਸਕਦੇ ਹਨ।