ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਜਦੋਂ ਕਾਂਗਰਸ ਨਵੇਂ ਦਫ਼ਤਰ ਦਾ ਉਦਘਾਟਨ ਕਰ ਰਹੀ ਸੀ ਤਾਂ ਉਸ ਵੇਲੇ ਪੰਜਾਬ ਦੇ ਕਾਂਗਰਸੀ ਆਗੂ ਕਿੱਥੇ ਸਨ। ਉਨ੍ਹਾਂ ਕਿਹਾ ਕਿ ਅੱਜ ਕਿਸੇ ਨੇ ਕਾਂਗਰਸ ਦਫ਼ਤਰ ਦੇ ਬਾਹਰ ਬੋਰਡ ਲਗਾ ਦਿੱਤਾ ਕਿ ਇਸ ਦਾ ਨਾਂਅ ਮਰਹੂਮ ਡਾ. ਮਨਮੋਹਨ ਸਿੰਘ ਦੇ ਨਾਂਅ ‘ਤੇ ਰੱਖਿਆ ਜਾਵੇ ਕਿਉਂਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਸਭ ਤੋਂ ਵੱਧ ਮੰਗ ਪੰਜਾਬ ਦੇ ਕਾਂਗਰਸੀ ਆਗੂ ਹੀ ਕਰ ਰਹੇ ਸਨ ਕਿ ਉਨ੍ਹਾਂ ਦੀ ਯਾਦ ਵਿਚ ਕਿਸੇ ਢੁਕਵੀਂ ਜਗ੍ਹਾ ‘ਤੇ ਯਾਦਗਾਰ ਬਣਾਈ ਜਾਵੇ, ਇਸ ਲਈ ਅੱਜ ਵਧੀਆ ਮੌਕਾ ਸੀ ਕਿ ਕਾਂਗਰਸ ਆਪਣੇ ਨਵੇਂ ਦਫ਼ਤਰ ਦਾ ਨਾਂ ਡਾ. ਮਨਮੋਹਨ ਸਿੰਘ ਦੇ ਨਾਂਅ ਰੱਖ ਦਿੰਦੀ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਕਾਂਗਰਸ ਵਿਚ ਪ੍ਰਵਾਰਵਾਦ ਪੂਰੀ ਤਰ੍ਹਾਂ ਭਾਰੂ ਹੈ ਕਿਉਂਕਿ ਉਦਘਾਟਨ ਸਮੇਂ ਦੂਜੇ ਨੰਬਰ ‘ਤੇ ਸੋਨੀਆ ਗਾਂਧੀ, ਤੀਜੇ ਨੰਬਰ ‘ਤੇ ਮਲਿਕਾਰਜੁਨ ਖੜਗੇ ਤੇ ਚੌਥੇ ਨੰਬਰ ਤੇ ਰਾਹੁਲ ਗਾਂਧੀ ਦਾ ਨਾਂ ਸੀ। ਕਿਸਾਨਾਂ ਬਾਰੇ ਬੋਲਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਮਾਮਲੇ ‘ਤੇ ਹਰ ਕੋਈ ਬਹੁਤ ਚਿੰਤਤ ਹੈ, ਅੱਜ 111 ਲੋਕ ਭੁੱਖ ਹੜਤਾਲ ‘ਤੇ ਬੈਠੇ ਹਨ, ਸੁਪਰੀਮ ਕੋਰਟ ਇਸ ਪੂਰੇ ਮਾਮਲੇ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ, ਸੁਪਰੀਮ ਕੋਰਟ ਜਗਜੀਤ ਡੱਲੇਵਾਲ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ। ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੀ ਹੈ, ਸੁਪਰੀਮ ਕੋਰਟ ਇਸ ਮਾਮਲੇ ਵਿੱਚ ਕੀ ਦਖਲਅੰਦਾਜ਼ੀ ਕਰਦੀ ਹੈ ਅਤੇ ਕੀ ਫ਼ੈਸਲਾ ਲੈਂਦੀ ਹੈ, ਇਹ ਸੁਪਰੀਮ ਕੋਰਟ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪ ਇਕ ਕਿਸਾਨ ਹਾਂ। ਮੈਂ ਕਿਸਾਨਾਂ ਨੂੰ 6 ਮਹੀਨਿਆਂ ਤੋਂ ਕਹਿੰਦਾ ਰਿਹਾ ਕਿ ਮੈਨੂੰ ਗੱਲਬਾਤ ਲਈ ਬੁਲਾਓ ਤਾਂ ਸਹੀ, ਮੈਂ ਨੰਗੇ ਪੈਰੀ ਆ ਜਾਨਾ ਪਰ ਮੈਨੂੰ ਕਿਸੇ ਵੱਲੋਂ ਗੱਲਬਾਤ ਲਈ ਸੰਪਰਕ ਨਹੀਂ ਕੀਤਾ ਗਿਆ। ਕੋਈ ਗੱਲ ਨਹੀਂ ਹੋਈ। ਹੁਣ ਮੇਰੇ ਹੱਥ ਗੱਲ ਨਹੀਂ ਰਹੀ। ਹੁਣ ਸੁਪਰੀਮ ਕੋਰਟ ਵਿਚ ਇਸ ਦੀ ਸੁਣਵਾਈ ਚੱਲ ਰਹੀ ਹੈ। MP ਅੰਮ੍ਰਿਤਪਾਲ ਸਿੰਘ ਦੀ ਨਵੀਂ ਬਣੀ ਪਾਰਟੀ ‘ਤੇ ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਕਿ ਪਹਿਲਾਂ ਅੰਮ੍ਰਿਤਪਾਲ ਦੇ ਮਾਪਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਤੁਸੀਂ ਅੰਮ੍ਰਿਤਪਾਲ ਨੂੰ MP ਬਣਾ ਦਿਉਂਗੇ ਤਾਂ ਉਹ ਜੇਲ ਤੋਂ ਬਾਹਰ ਆ ਜਾਵੇਗਾ। ਇਸ ਕਰ ਕੇ ਲੋਕਾਂ ਨੇ ਉਸ ਨੂੰ ਵੋਟਾਂ ਪਾ ਕੇ MP ਬਣਾਇਆ। ਹੁਣ ਉਨ੍ਹਾਂ ਨੇ ਨਵੀਂ ਪਾਰਟੀ ਬਣਾਈ ਹੈ। ਇੰਨੀ ਛੇਤੀ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ। ਪਾਰਟੀਆਂ ਬਣਾਉਣਾ ਕੋਈ ਖੇਡ ਨਹੀਂ, ਪਾਰਟੀਆਂ ਪਿਛੇ ਬਹੁਤ ਸੰਘਰਸ਼ ਕਰਨਾ ਪੈਂਦਾ ਹੈ।