ਪੰਜਾਬ ਦੇ ਅੰਮ੍ਰਿਤਸਰ ਵਿਚ ਡਾ. ਭੀਮ ਰਾਉ ਅੰਬੇਦਕਰ ਦੇ ਬੁੱਤ ਨੂੰ ਖੰਡਤ ਕਰਨ ਦੇ ਵਿਰੋਧ ’ਚ ਅੱਜ ਦਲਿਤ ਸਮਾਜ ਨੇ 4 ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਗਾ ਵਿਚ ਬੰਦ ਦਾ ਸੱਦਾ ਦਿਤਾ ਹੈ। ਲੁਧਿਆਣਾ ਵਿਚ ਮੁਲਜਮਾਂ ਦੇ ਵਿਰੁਧ ਨੈਸ਼ਨਲ ਸਿਕਉਰਿਟੀ ਐਕਟ ਦੇ ਹੇਠਾਂ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਦਲਿਤ ਸਮਾਜ ਨੇ ਅੰਮ੍ਰਿਤਸਰ-ਦਿੱਲੀ ਹਾਈਵੇਅ ਜਾਮ ਕੀਤਾ। ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹੇ ਦੇ ਘੰਟਾਘਰ ਚੌਕ ’ਚ ਇਕੱਠੇ ਹੋ ਕੇ ਮਾਰਚ ਕਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਹਾਲਾਂਕਿ, ਸ਼ਹਿਰ ਵਿਚ ਬੰਦ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਦੁਕਾਨਾਂ ਅਤੇ ਸ਼ੋਰੂਮ ਖੁਲ੍ਹੇ ਰਹੇ। ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਪੁਲਿਸ ਖ਼ੁਦ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਪੂਰੀ ਘਟਨਾ ਦੇ ਪਿੱਛੇ ਦੀ ਕਹਾਣੀ ਜਨਤਕ ਕਰੇਗੀ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਅਕਾਸ਼ਦੀਪ ਦੇ ਵਿਰੁਧ 26 ਜਨਵਰੀ ਨੂੰ ਐਫ਼.ਆਈ.ਆਰ ਦਰਜ ਕਰ ਲਈ ਸੀ। ਪੁਲਿਸ ਨੇ ਆਕਾਸ਼ਦੀਪ ‘ਤੇ 8 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਅਨੁਸਾਰ, ਅੰਮ੍ਰਿਤਸਰ ’ਚ ਬਾਬਾ ਸਾਹਿਬ ਡਾ. ਭੀਮਰਾਉ ਅੰਬੇਦਕਰ ਦੀ ਬੁੱਤ ਲਗਿਆ ਹੋਇਆ ਸੀ ਅਤੇ ਇਸ ਬੁੱਤ ਦੇ ਨਾਲ ਭਾਰਤੀ ਸੰਵਿਧਾਨ ਦਾ ਪ੍ਰਤੀਰੂਪ ਵੀ ਬਣਿਆ ਸੀ। ਇਕ ਵਿਅਕਤੀ ਨੇ ਪਹਿਲਾਂ ਸੀਢੀ ਦੀ ਸਹਾਇਤਾ ਨਾਲ ਅਣ-ਅਧਿਕਾਰਤ ਖੇਤਰ ਵਿਚ ਆਇਆ ਤੇ ਫਿਰ ਬੁੱਤ ਦੇ ਉੱਪਰ ਚੜ੍ਹਿਆ ਅਤੇ ਭਾਰਤੀ ਸੰਵਿਧਾਨ ਦੇ ਪ੍ਰਤੀਰੂਪ ਨੂੰ ਹਥੋੜੇ ਦੇ ਨਾਲ ਨੁਕਸਾਨ ਪਹੁੰਚਾਇਆ। ਜਿਸ ਨੂੰ ਹੈਰੀਟੇਜ਼ ਸਟ੍ਰੀਟ ‘ਤੇ ਸਕਿਉਰਿਟੀ ਕਰਮਚਾਰੀਆਂ ਨੇ ਕਾਬੂ ਕਰ ਕੇ ਹੇਠਾਂ ਉਤਾਰਿਆ। ਇਸ ਨਾਲ ਸਮੂਹ ਦਲਿਤ ਸਮਾਜ ਦੀਆਂ ਧਾਰਮਕ ਅਤੇ ਸਮਾਜਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਵਿਚ ਸੋਮਵਾਰ ਨੂੰ ਪੂਰਨ ਬੰਦ ਦੀ ਕਾਲ ਦਲਿਤ ਸਮਾਜ ਵਲੋਂ ਦਿਤੀ ਗਈ ਸੀ। ਉਥੇ ਹੀ, ਅੱਜ ਮੰਗਲਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬੰਦ ਦਾ ਸੱਦਾ ਦਲਿਤ ਸਮਾਜ ਵਲੋਂ ਦਿਤਾ ਗਿਆ ਹੈ। ਪੂਰੇ ਸਮਾਜ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ, ਇਸ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ। ਅੰਮ੍ਰਿਤਸਰ ਪੁਲਿਸ ਮੁਲਜ਼ਮ ਤੋਂ ਲਗਾਤਾਰ ਪੁੱਛਤਾਛ ਕਰ ਰਹੀ ਹੈ। ਪੁਲਿਸ ਨੇ ਭਰੋਸਾ ਦਿਤਾ ਕਿ ਮੁਲਜ਼ਮ ਦਾ 30 ਜਨਵਰੀ ਤਕ ਦਾ ਰਿਮਾਂਡ ਲਿਆ ਗਿਆ। ਇਸ ਦੌਰਾਨ ਜੋ ਵੀ ਅਹਿਮ ਜਾਣਕਾਰੀਆਂ ਸਾਹਮਣੇ ਆਉਣਗੀਆਂ ਉਨ੍ਹਾਂ ਨੂੰ ਸਾਂਝਾ ਕੀਤਾ ਜਾਵੇਗਾ।