ਯੂਕਰੇਨ ਅਤੇ ਰੂਸ ਦੀ ਲੜਾਈ ਦੇ ਵਿੱਚ ਭਾਵੇਂ ਕਿ ਦੋਨਾਂ ਦੇਸ਼ਾਂ ਦੇ ਫੌਜੀ ਜਵਾਨ ਅਤੇ ਆਮ ਨਾਗਰਿਕ ਝੁਲਸੇ ਹਨ ਪਰ ਇਸ ਦੀ ਅੱਗ ਹੁਣ ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਵਿੱਚ ਵੀ ਪਹੁੰਚ ਗਈ ਹੈ। ਦੱਸ ਦਈਏ ਕਿ ਮਲੇਰਕੋਟਲਾ ਜਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਜੰਗ ’ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਗੱਲ ਅਜੇ ਪੁਸ਼ਟੀ ਨਹੀਂ ਹੈ। ਦੱਸ ਦਈਏ ਕਿ ਪਿੰਡ ਕਲਿਆਣ ਦੇ ਰਹਿਣ ਵਾਲੇ ਨੌਜਵਾਨ ਬੁੱਧ ਰਾਮ ਨੂੰ ਪਰਿਵਾਰ ਨੇ ਚੰਗੇ ਭਵਿੱਖ ਖਾਤਿਰ ਲਈ ਵਿਦੇਸ਼ ਭੇਜਿਆ ਸੀ ਜਿਸ ਨੂੰ ਏਜੰਟਾ ਵੱਲੋਂ ਇੱਕ ਸਾਲ ਪਹਿਲਾਂ ਰੂਸ ਫੌਜ ’ਚ ਭਰਤੀ ਕਰ ਦਿੱਤਾ ਸੀ। ਨੌਜਵਾਨ ਬੁੱਧ ਰਾਮ ਨੇ ਰੂਸ ਫੌਜ ’ਚ ਭਰਤੀ ਤੋਂ ਬਾਅਦ ਇੱਕ ਤਨਖਾਹ ਪਰਿਵਾਰ ਨੂੰ ਭੇਜੀ ਵੀ ਗਈ ਸੀ ਪਰ ਉਸ ਤੋਂ ਬਾਅਦ ਬੁੱਧ ਰਾਮ ਦਾ ਕੋਈ ਪਤਾ ਨਹੀਂ ਮਿਲਿਆ ਹੈ ਅਤੇ ਹੁਣ ਪਰਿਵਾਰ ਕੋਲੋਂ ਡੀਐਨਏ ਟੈਸਟ ਲਈ ਕਿਹਾ ਜਾ ਰਿਹਾ ਹੈ। ਜਿਸ ਤੋਂ ਬਾਅਦ ਬਜੁਰਗ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਨੌਜਵਾਨ ਦੇ ਬਜੁਰਗ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨਾਲ ਜੋ ਪੰਜਾਬ ਦੇ ਹੋਰ ਲੜਕੇ ਸਨ ਉਹਨਾਂ ਦੇ ਪਰਿਵਾਰਾਂ ਨਾਲ ਇਕ ਵਾਟਸਐਪ ਗਰੁੱਪ ਹੈ ਜਿਸ ਵਿੱਚ ਉਨ੍ਹਾਂ ਨੂੰ 25000 ਹਜਾਰ ਰੁਪਏ ਖਰਚ ਕਰਕੇ ਡੀਐਨਏ ਕਰਵਾਉਣ ਲ਼ਈ ਕਿਹਾ ਗਿਆ ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਇਕ ਪੁੱਤਰ ਕਮਾਉਣ ਵਾਲਾ ਸੀ। ਉਨ੍ਹਾਂ ਨੂੰ ਤਾਂ ਅਜ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋਈ ਪਈ ਹੈ, ਉਹ 25 ਹਜਾਰ ਕਿੱਥੋ ਲਗਾਉਣਗੇ। ਦੱਸ ਦਈਏ ਕਿ ਅਜ ਵੀ ਪਰਿਵਾਰ ਅਪਣੇ ਪੁੱਤਰ ਦੀ ਉਡੀਕ ਕਰ ਰਿਹਾ ਹੈ ਅਤੇ ਪਰਿਵਾਰ ਸਰਕਾਰਾਂ ਤੋਂ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਦਾ ਕੋਈ ਪਤਾ ਦਿੱਤਾ ਜਾਵੇ ਕਿ ਉਹ ਜਿੰਦਾ ਹੈ ਜਾਂ ਨਹੀਂ।