ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਕਾਮਰਸ ਤੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਈ.ਆਈ.ਸੀ ਦੇ ਸਹਿਯੋਗ ਨਾਲ ਮਿਤੀ 25/02/2025 ਨੂੰ ਬਿਜ਼ਨਸ ਕਾਰਨੀਵਲ ਦਾ ਆਯੋਜਨ ਕੀਤਾ ਗਿਆ। ਇਹ ਕਾਰਨੀਵਲ ਸਕੱਤਰ ਵਿੱਦਿਆ ਐਸ.ਜੀ.ਪੀ.ਸੀ. ਇੰਜ. ਸ ਸੁਖਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਅਮਨਦੀਪ ਹੀਰਾ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਵਿਭਿੰਨਤਾ ਪੂਰਵਕ ਸਟਾਲ ਲਗਾ ਕੇ ਸ਼ਮੂਲੀਅਤ ਕੀਤੀ।
ਇਸ ਮੇਲੇ ਵਿੱਚ ਵਿੱਚ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਸੰਧੂ ਅਤੇ ਸ. ਤ੍ਰਿਲੋਕ ਸਿੰਘ ਨਾਗਪਾਲ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਤੋਂ ਇਲਾਵਾ ਖਾਲਸਾ ਕਾਲਜ ਗੜਦੀਵਾਲ ਦੇ ਪ੍ਰਿੰ. ਡਾ. ਜਸਪਾਲ ਸਿੰਘ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪ੍ਰਿੰ. ਡਾ.ਹਰਪ੍ਰੀਤ ਕੌਰ, ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਅਤੇ ਸਰਕਾਰੀ ਕਾਲਜ ਪੋਜੇਵਾਲ ਦੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਸਮੇਤ ਹਿੱਸਾ ਲਿਆ।
ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਕੰਵਰ ਕੁਲਵੰਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਬਿਜ਼ਨਸ ਕਾਰਨੀਵਲ ਦਾ ਉਦੇਸ਼ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਅਤੇ ਸਟਾਰਟ ਅੱਪ ਲਈ ਤਿਆਰ ਹੋਣਾ ਹੈ। ਵਿਦਿਆਰਥੀਆਂ ਵੱਲੋਂ ਖਾਣ ਪੀਣ, ਬਿਜ਼ਨਸ ਮਾਡਲਾਂ ਅਤੇ ਮਨੋਰੰਜਕ ਖੇਡਾਂ ਦੇ ਸਟਾਲ ਲਗਾਏ ਗਏ। ਸਟਾਲਾਂ ਤੇ ਖੂਬ ਰੌਣਕ ਰਹੀ ਅਤੇ ਸਭ ਤੋਂ ਵੱਧ ਖਿੱਚ ਦਾ ਕੇਂਦਰ ਪੰਜਾਬੀ ਵਿਰਸਾ ਪ੍ਰਦਰਸ਼ਨੀ ਰਹੀ। ਦੋਵਾਂ ਵਿਭਾਗਾਂ ਵੱਲੋਂ ਅਕਾਦਮਿਕ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਫੁੱਟਬਾਲ ਟੀਮ ਦੇ ਮੈਨੇਜਰ ਗੰਭੀਰ ਸਾਹਿਬ, ਕੋਚ ਹਰਦੀਪ ਸਿੰਘ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਐਨ.ਸੀ.ਸੀ. ਕੈਡਿਟਾਂ ਦਾ ਵੀ ਸਨਮਾਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਤੇ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਪੰਡਾਲ ਵਿੱਚ ਲੱਗੇ ਸਟਾਲਾਂ ਦੀ ਫੇਰੀ ਲਵਾਈ ਗਈ। ਕਾਲਜ ਵੱਲੋਂ ਆਏ ਹੋਏ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ਼ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਕਾਰਨੀਵਾਲ ਨੂੰ ਆਯੋਜਿਤ ਕਰਨ ਵਿੱਚ ਸਹਾਇਕ ਕੰਪਨੀਆਂ ਵਿੱਚ ਟੋਇਟਾ ਕੈਸਲ ਕੰਪਨੀ, ਐਕਸਿਸ ਮੈਕਸ ਲਾਈਫ ਇਨਸ਼ੋਰੈਂਸ, ਪਾਲ ਬੁੱਕ ਡੀਪੂ, ਸਕਿਲ ਅੱਪ ਇੰਸਟੀਚਿਊਟ ਆਫ ਲਰਨਿੰਗ, ਕੰਵਰ ਅਰੋੜਾ ਕੰਸਲਟੈਂਟ, ਨਾਗਪਾਲ ਨਰਸਿੰਗ ਹੋਮ ਗੜਸ਼ੰਕਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਇਲਾਵਾ ਮੀਡੀਆ ਪਾਰਟਨਰ ਖਬਰਿਸਤਾਨ ਚੈਨਲ, ਪੰਜਾਬੀ ਵਿਰਸਾ ਸ. ਹਰਦੀਪ ਸਿੰਘ ਭੰਮੀਆਂ ਅਤੇ ਪ੍ਰੋ. ਰਾਏਦੀਪ ਮਿਊਜ਼ਿਕਲ ਗਰੁੱਪ ਦਾ ਕਾਰਨੀਵਲ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।
ਆਖਿਰ ਵਿੱਚ ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਰਨੀਵਾਲ ਵਿੱਚ ਮੰਚ ਸੰਚਾਲਨ ਦੀ ਜਿੰਮੇਵਾਰੀ ਡਾ. ਕੰਵਲਜੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਆਈ.ਆਈ.ਸੀ ਦੇ ਪ੍ਰਧਾਨ ਡਾ. ਅਜੇ ਦੱਤਾ, ਕਨਵੀਨਰ ਪ੍ਰੋ. ਦੀਪਿਕਾ, ਬੀ.ਐਸ.ਏ. ਦੇ ਇੰਚਾਰਜ ਡਾ. ਗੁਰਪ੍ਰੀਤ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ ਕਲਸੀ ਅਤੇ ਸਮੂਹ ਸਟਾਫ ਨੇ ਸਾਰੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ ਯੋਗਦਾਨ ਦਿੱਤਾ। ਸਮੁੱਚੇ ਤੌਰ ਤੇ ਇਹ ਬਿਜ਼ਨਸ ਕਾਰਨੀਵਲ ਮਨੋਰੰਜਨ ਭਰਪੂਰ ਅਤੇ ਪ੍ਰੇਰਨਾਦਾਇਕ ਹੋ ਕੇ ਨਿਬੜਿਆ।