ਲੁਧਿਆਣਾ ਦੇ ਜਗਰਾਉਂ ਮੁੱਲਾਪੁਰ ’ਚ ਇੱਕ ਬਾਊਂਸਰ ਦੀ ਪ੍ਰੇਮਿਕਾ ਅਤੇ ਉਸਦੇ ਪਰਿਵਾਰ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਲਈ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਅੱਠ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪਵਨਪ੍ਰੀਤ ਸਿੰਘ ਵਜੋਂ ਹੋਈ ਹੈ। ਸਟੇਸ਼ਨ ਹਾਊਸ ਅਫ਼ਸਰ ਜਸਵਿੰਦਰ ਸਿੰਘ ਨੇ ਦਸਿਆ ਕਿ ਪਵਨਪ੍ਰੀਤ ਕਈ ਸਾਲਾਂ ਤੋਂ ਕਿਰਨਦੀਪ ਕੌਰ ਨਾਲ ਪ੍ਰੇਮ ਸਬੰਧਾਂ ਵਿੱਚ ਸੀ। ਕੁਝ ਲੋਕਾਂ ਨੇ ਲੜਕੀ ਦੇ ਪਰਿਵਾਰ ਨੂੰ ਪਵਨਪ੍ਰੀਤ ਬਾਰੇ ਗ਼ਲਤ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕੁੜੀ ਅਤੇ ਉਸਦੇ ਪਰਿਵਾਰ ਨੇ ਰਿਸ਼ਤਾ ਤੋੜ ਦਿੱਤਾ। ਜਦੋਂ ਪਵਨਪ੍ਰੀਤ ਦੇ ਪਿਤਾ ਰਣਜੀਤ ਸਿੰਘ ਗੱਲ ਕਰਨ ਗਏ ਤਾਂ ਕੁੜੀ ਦੇ ਪਰਿਵਾਰ ਨੇ ਉਸਦੀ ਜਾਤ ਦੇ ਆਧਾਰ ’ਤੇ ਉਸਦੀ ਬੇਇੱਜ਼ਤੀ ਕੀਤੀ ਅਤੇ ਉਸਨੂੰ ਘਰੋਂ ਕੱਢ ਦਿੱਤਾ। ਇਸ ਘਟਨਾ ਤੋਂ ਪਵਨਪ੍ਰੀਤ ਬਹੁਤ ਦੁਖੀ ਸੀ। ਇਸ ਦੌਰਾਨ, ਕੁੜੀ ਦੇ ਭਰਾ ਨੇ ਪਵਨਪ੍ਰੀਤ ਨੂੰ ਇਕੱਲੇ ਮਿਲਣ ਲਈ ਬੁਲਾਇਆ। ਕੁਝ ਸਮੇਂ ਬਾਅਦ ਪਰਿਵਾਰ ਨੂੰ ਸੂਚਨਾ ਮਿਲੀ ਕਿ ਪਵਨਪ੍ਰੀਤ ਨੇ ਜ਼ਹਿਰੀਲੀ ਦਵਾਈ ਖਾ ਲਈ ਹੈ। ਉਸਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਲੁਧਿਆਣਾ ਅਤੇ ਫਿਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਲੜਕੀ ਅਤੇ ਉਸਦੇ ਪਰਿਵਾਰ ਸਮੇਤ ਅੱਠ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਵਿੱਚ ਪਿੰਡ ਹਲਵਾਰਾ ਦੀ ਰਹਿਣ ਵਾਲੀ ਕਿਰਨਦੀਪ ਕੌਰ, ਉਸਦੇ ਪਿਤਾ ਰਾਜਿੰਦਰ ਸਿੰਘ ਉਰਫ਼ ਰਾਜਾ, ਭਰਾ ਗੁਰਚਰਨ ਸਿੰਘ ਉਰਫ਼ ਚੰਨਾ ਮਾਂ, ਭੈਣਾਂ ਤੋਂ ਇਲਾਵਾ ਸਰਪੰਚ ਸੁਖਵਿੰਦਰ ਸਿੰਘ ਅਤੇ ਪਟਵਾਰੀ ਕੁਲਦੀਪ ਸਿੰਘ ਸ਼ਾਮਲ ਹਨ। ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤਾ।