ਜਲੰਧਰ ‘ਚ ਅੱਜ ਯਾਨੀ ਸੋਮਵਾਰ ਨੂੰ ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕੀਤੀ ਗਈ। ਪੂਰੇ ਸ਼ਹਿਰ ‘ਚ ਈਦ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਈਦ ਦੇ ਮੌਕੇ ‘ਤੇ ਪੰਜਾਬ ਭਰ ‘ਚ ਵੱਖ-ਵੱਖ ਥਾਵਾਂ ‘ਤੇ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਮਸਜਿਦਾਂ ‘ਚ ਨਮਾਜ਼ ਅਦਾ ਕੀਤੀ ਅਤੇ ਸਾਰਿਆਂ ਦੀ ਸੁੱਖ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ | ਮਸਜਿਦ ਪ੍ਰਬੰਧਕ ਕਮੇਟੀਆਂ ਵੱਲੋਂ ਈਦ ਦੀ ਨਮਾਜ਼ ਦੀਆਂ ਤਿਆਰੀਆਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸਨ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ, ਈਦਗਾਹ ਗੁਲਾਬ ਦੇਵੀ ਰੋਡ ਦੇ ਮੁਖੀ ਨਾਸਿਰ ਸਲਮਾਨੀ ਨੇ ਦੱਸਿਆ- ਜਲੰਧਰ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਇਤਿਹਾਸਕ ਈਦਗਾਹ ‘ਚ ਸੋਮਵਾਰ ਸਵੇਰੇ 9 ਵਜੇ ਤੋਂ ਨਮਾਜ਼ ਅਦਾ ਕੀਤੀ ਗਈ। ਸੁਸਾਇਟੀ ਨੇ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪੁਲਿਸ ਦੇ ਏਡੀਜੀਪੀ ਐਮਐਫ਼ ਫ਼ਾਰੂਕੀ ਅਤੇ ਸਾਬਕਾ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਅੱਜ ਗੁਲਾਬ ਦੇਵੀ ਰੋਡ ਸਥਿਤ ਈਦਗਾਹ ਵਿਖੇ ਨਮਾਜ਼ ਅਦਾ ਕਰਨ ਲਈ ਪੁੱਜੇ। ਭਾਰੀ ਸੁਰੱਖਿਆ ਦਰਮਿਆਨ ਉਨ੍ਹਾਂ ਨੇ ਲੋਕਾਂ ਨਾਲ ਬੈਠ ਕੇ ਨਮਾਜ਼ ਅਦਾ ਕੀਤੀ। ਮੁਸਲਿਮ ਭਾਈਚਾਰੇ ਦੇ ਲੋਕਾਂ ਗਲੇ ਲਗਾ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਚੰਨੀ ਨੇ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਨਮਾਜ਼ ਅਦਾ ਕੀਤੀ।