ਜਲੰਧਰ ਵਿਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹਮਲਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਆਪ ਦੇ ਸੀਨੀਅਰ ਆਗੂ ਪਹੁੰਚੇ ਹਨ। ਮੰਤਰੀ ਮੋਹਿੰਦਰ ਭਗਤ ਤੇ ਦੀਪਕ ਬਾਲੀ ਨੇ ਮਨੋਰੰਜਨ ਕਾਲੀਆ ਤੇ ਉਨ੍ਹਾਂ ਦੇ ਪ੍ਰਵਾਰ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਉਨ੍ਹਾਂ ਨੇ ਮਨੋਰੰਜਨ ਕਾਲੀਆ ਨੂੰ ਮਿਲ ਕੇ ਬੀਤੀ ਰਾਤ ਵਾਪਰੀ ਘਟਨਾ ਬਾਰੇ ਜਾਣਕਾਰੀ ਲਈ ਹੈ। ਉਨ੍ਹਾਂ ਦੱਸਿਆ ਕਿ ਸੀਪੀ ਸਾਬ੍ਹ ਨੇ ਇਸ ਘਟਨਾ ਬਾਰੇ ਸਾਰੀ ਜਾਣਕਾਰੀ ਸੀਐਮ ਭਗਵੰਤ ਮਾਨ ਦੇ ਧਿਆਨ ਵਿਚ ਲਿਆਂਦੀ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਪੰਜਾਬ ਦਾ ਚਹੁਮੁਖੀ ਵਿਕਾਸ ਤੇ ਪੰਜਾਬ ਦੀ ਸ਼ਾਂਤੀ ਬਰਦਾਸ਼ਤ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਪਰ ਸੱਚਾਈ ਇਹ ਹੈ ਕਿ ਲਾਰੈਂਸ ਬਿਸ਼ਨੋਈ ਪਾਕਿਸਤਾਨ ਨਾਲ ਮਿਲ ਕੇ ਪੰਜਾਬ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਹੈ। ਕੇਂਦਰ ਭਾਜਪਾ ਸਰਕਾਰ ਵੀ ਅਹਿਮਦਾਬਾਦ ਦੀ ਸਾਬਰਮਤੀ ਜੇਲ ਵਿਚ ਬੈਠੇ ਲਾਰੈਂਸ ਬਿਸ਼ਨੋਈ ਨੂੰ ਪੂਰੀ ਸੁਰੱਖਿਆ ਦੇ ਰਹੀ ਹੈ। ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਲਾਰੈਂਸ ਦੇ ਪਾਕਿਸਤਾਨੀਆਂ ਨਾਲ ਕਿਹੋ ਜਿਹੇ ਸਬੰਧ ਹਨ। ਬੀਤੇ ਦਿਨੀਂ ਲਾਰੈਂਸ ਬਿਸ਼ਨੋਈ ਤੇ ਸਹਿਬਾਜ਼ ਭੱਟੀ ਦੀ ਵੀ ਇੱਕ ਵੀਡੀਉ ਵਾਇਰਲ ਹੋਈ ਸੀ। ਇਹ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਲਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹੇ ਲੋਕਾਂ ਨੂੰ ਕਿਸੇ ਵੀ ਹੱਦ ਤਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ।