ਮਨੋਰੰਜਨ ਕਾਲੀਆਂ ਦੇ ਘਰ ’ਤੇ ਹੋਏ ਹਮਲੇ ਤੋਂ ਬਾਅਦ ਬੋਲੇ ਸੁਨੀਲ ਜਾਖੜ

ਜਲੰਧਰ ਵਿਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ’ਤੇ ਹਮਲਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਭਾਜਪਾ ਲੀਡਰ ਪਹੁੰਚੇ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਅਸ਼ਵਨੀ ਸ਼ਰਮਾ ਤੇ ਸੁਨੀਲ ਜਾਖੜ ਨੇ ਮਨੋਰੰਜਨ ਕਾਲੀਆ ਤੇ ਉਨ੍ਹਾਂ ਦੇ ਪ੍ਰਵਾਰ ਨਾਲ ਮੁਲਾਕਾਤ ਕੀਤੀ। ਸੁਨੀਲ ਜਾਖੜ ਨੇ ਮਨੋਰੰਜਨ ਕਾਲੀਆ ਦੇ ਘਰ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤਕ 14 ਦੇ ਲਗਭਗ ਥਾਣਿਆਂ ’ਤੇ ਬੰਬ ਬਲਾਸਟ ਹੋ ਗਏ ਹਨ। ਅੰਮ੍ਰਿਤਸਰ ਵਿਖੇ ਮੰਦਰ ’ਚ ਬੰਬ ਧਮਾਕਾ ਹੋਇਆ ਤੇ ਪੁਲਿਸ ਕਮਿਸ਼ਨਰ ਕਹਿ ਰਹੇ ਹਨ ਕਿ ਬੰਬ ਬਲਾਸਟ ਜਿਹਾ ਹੋਇਆ ਹੈ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਹੋ ਜਿਹੇ ਧਮਾਕੇ ਤਾਂ ਅਕਸਰ ਟਾਇਰ ਫਟਣ, ਸਿਲੰਡਰ ਫਟਣ ਆਦਿ ਨਾਲ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪਰਮਾਤਮਾ ਦਾ ਸ਼ੁਕਰਗੁਜਾਰ ਹਾਂ ਕਿ ਕੋਈ ਵੱਡੀ ਅਣਹੋਣੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ’ਚ ਸੀਸੇ ਟੁੱਟੇ, ਮੋਟਰਸਾਈਲ ਸੜ ਗਿਆ ਤੇ ਸਾਰੇ ਘਰ ਦੀਆਂ ਚੁਕਾਠਾਂ ਹਿੱਲ ਗਈਆਂ ਹਨ। ਹਾਲੇ ਪੁਲਿਸ ਕਮਿਸ਼ਨਰ ਕਹਿੰਦੇ ਹਨ ਕਿ ਧਮਾਕਾ ਜਿਹਾ ਹੋਇਆ ਹੈ। ਇਹ ਉਦੋਂ ਜਾਗਣਗੇ ਜਦੋਂ ਕੋਈ ਜਾਨੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਚਾਹੇ ਕੋਈ ਆਈਐਸਆਈ, ਮਾੜੇ ਅਨਸਰ ਜਾਂ ਫਿਰ ਸਾਡੇ ਵਿਚ ਬੈਠਿਆ ਕੋਈ ਸ਼ੈਤਾਨੀ ਕਰ ਰਿਹਾ ਹੈ, ਸਾਨੂੰ ਨਹੀਂ ਪਤਾ ਕਿਸੇ ਦਾ ਕੀ ਮਨਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਡਕੈਤੀ, ਗੁੰਡਾਗਰਦੀ ਹੋ ਰਹੀ ਹੈ, ਗੈਂਗਸ਼ਟਰ, ਮਾਫ਼ੀਆ ਸਿਰ ਚੁੱਕ ਰਿਹਾ ਹੈ, ਬੰਬ ਬਲਾਸਟ ਹੋ ਰਹੇ ਹਨ, ਇਸ ਪਿੱਛੇ ਕਿਸੇ ਸ਼ਾਤਿਰ ਦਿਮਾਗ਼ ਦੀ ਚਾਲ ਹੈ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਾਲ ਬੰਗਾਲ ਜਿਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੰਬ ਧਮਾਕਾ ਇਕਦਮ ਨਹੀਂ ਹੋਇਆ ਇਸ ’ਤੇ ਕਈ ਦਿਨਾਂ ਤੋਂ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਕਰ ਕੀ ਰਹੀ ਹੈ। ਸਾਡੀਆਂ ਵਿਰੋਧੀ ਪਾਰਟੀਆਂ ਸਾਡੀ ਜਾਸੂਸੀ ਕਰਵਾ ਰਹੀਆਂ ਹਨ ਜੋ ਉਨ੍ਹਾਂ ਨੂੰ ਇਨ੍ਹਾਂ ਗ਼ਲਤ ਅਨਸਰਾਂ ਦੀ ਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਪੁਲਿਸ ਅਧਿਕਾਰੀ ਪੰਜਾਬ ਸਰਕਾਰ ਵਿਰੁਧ ਹੋਏ ਉਨ੍ਹਾਂ ਪਾਸੇ ਕਰ ਦਿਤਾ ਤੇ ਜੋ ਜੀ ਹਜੂਰੀ ਕਰਨ ਵਾਲੇ ਹਨ ਉਹ ਕੁਰਸੀਆਂ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਾਡੀ ਭਾਈਵਾਲ ਸਾਂਝ ਨੂੰ ਆਂਚ ਲਗਾਉਣ ਵਾਲੇ ਬਹੁਤ ਬੈਠੇ ਹਨ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਹੈ ਜਾਂ ਤਾਂ ਹੱਥ ਖੜੇ ਕਰ ਦਿਉ ਜਾਂ ਫਿਰ ਇਨ੍ਹਾਂ ਘਟਨਾਵਾਂ ਨੂੰ ਰੋਕ ਕੇ ਪੰਜਾਬ ਨੂੰ ਬਚਾਅ ਲਉ। ਉਨ੍ਹਾਂ ਕਿਹਾ ਕਿ ਅਸੀਂ 3 ਤੋਂ 5 ਵਜੇ ਤਕ ਸਾਰੇ ਪੰਜਾਬ ਵਿਚ ਅਸੀਂ ਧਰਨਾ ਲਗਾਵਾਂਗੇ। ਦਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸੋਮਵਾਰ ਦੇਰ ਰਾਤ ਇਕ ਵਜੇ ਦੇ ਕਰੀਬ ਅਣਪਛਾਤਿਆਂ ਵਲੋਂ ਧਮਾਕਾਖੇਜ਼ ਸਮੱਗਰੀ ਸੁੱਟੀ ਗਈ, ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਘਰ ’ਚ ਖੜ੍ਹੀ ਕਾਰ, ਮੋਟਰਸਾਈਕਲ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਰਾਹਤ ਦੀ ਗੱਲ ਰਹੀ ਕਿ ਇਸ ਧਮਾਕੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਮਲੇ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਇਕ ਈ-ਰਿਕਸ਼ਾ ਆਟੋ ’ਤੇ ਆਏ ਸਨ ਅਤੇ ਤੇਜ਼ੀ ਨਾਲ ਬੰਬ ਸੁੱਟ ਕੇ ਫਰਾਰ ਹੋ ਗਏ। ਜਿਵੇਂ ਹੀ ਹਮਲਾਵਰ ਬੰਬ ਸੁੱਟਦੇ ਹਨ ਤਾਂ ਜ਼ੋਰਦਾਰ ਧਮਾਕਾ ਹੁੰਦਾ ਹੈ।

Leave a Reply

Your email address will not be published. Required fields are marked *