ਐਸਐਸਪੀ ਨੇ ਸੁਰੱਖਿਆ ਅਤੇ ਚੋਕਸੀ ਵਧਾਉਣ ਲਈ ਕਪੂਰਥਲਾ ਅਤੇ ਫਗਵਾੜਾ ਵਿੱਚ ਸੇਫ ਸਿਟੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ

ਕਪੂਰਥਲਾ, 29 ਜੂਨ :- ਚੌਵੀ ਘੰਟੇ ਨਿਗਰਾਨੀ ਅਤੇ ਪ੍ਰਭਾਵਸ਼ਾਲੀ ਪੁਲਿਸਿੰਗ ਨੂੰ ਯਕੀਨੀ ਬਣਾਉਣ ਲਈ ਕਪੂਰਥਲਾ ਪੁਲਿਸ ਨੇ ਅੱਜ ਪੀਸੀਆਰ ਮੋਟਰਸਾਈਕਲਾਂ ਅਤੇ ਰੈਪਿਡ ਰੂਰਲ ਰਿਸਪਾਂਸ ਪੁਲਿਸ (ਆਰਆਰਆਰਪੀ) ਵਾਹਨਾਂ ਨੂੰ ਇਲਾਕੇ ਵਿਚ ਤਾਇਨਾਤ ਕਰ ਕੇ ਸੇਫ ਸਿਟੀ ਪ੍ਰੋਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ।ਸੀਨੀਅਰ ਸੁਪਰਡੈਂਟ ਪੁਲਿਸ ਹਰਕਮਲਪ੍ਰੀਤ ਸਿੰਘ ਖੱਖ ਨੇ 24 ਪੀਸੀਆਰ ਵਾਹਨਾਂ ਅਤੇ ਤਿੰਨ ਆਰਆਰਆਰ ਪੁਲਿਸ ਵਾਹਨਾਂ ਨੂੰ ਹਰੀ ਝੰਡੀ ਦਿੰਦੇ ਹੋਏ ਕਿਹਾ ਕਿ ਇਹ ਪੀਸੀਆਰ ਮੋਟਰਸਾਈਕਲ ਅਤੇ ਰੈਪਿਡ ਰੂਰਲ ਰਿਸਪਾਂਸ ਵਾਹਨ ਕਪੂਰਥਲਾ ਅਤੇ ਫਗਵਾੜਾ ਸ਼ਹਿਰਾਂ ਦੇ ਕੋਨੇ-ਕੋਨੇ ਵਿਚ ਘੁੰਮਣਗੇ। ਉਨ੍ਹਾਂ ਕਿਹਾ ਕਿ ਇਹ ਟੀਮਾਂ ਕਿਸੇ ਵੀ ਅਪਰਾਧ ਸਬੰਧੀ ਜਾਣਕਾਰੀ ਜਾਂ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਾਣਕਾਰੀ ਮਿਲਣ ਤੋਂ 20 ਮਿੰਟਾਂ ਦੇ ਅੰਦਰ ਅੰਦਰ ਪਹੁੰਚਣਗੀਆਂ ਅਤੇ ਆਪਣਾ ਕੰਮ ਸ਼ੁਰੂ ਕਰਨਗੀਆਂ।ਸੇਫ ਸਿਟੀ ਕਪੂਰਥਲਾ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਐਸਐਸਪੀ ਨੇ ਕਿਹਾ ਕਿ ਇਹ ਕਦਮ ਆਮ ਲੋਕਾਂ ਲਈ ਇੱਕ ਸੁਰੱਖਿਅਤ ਸ਼ਹਿਰ ਨੂੰ ਯਕੀਨੀ ਬਣਾਏਗਾ ਅਤੇ ਪ੍ਰਾਜੈਕਟ ਦਾ ਮੁੱਖ ਉਦੇਸ਼ ਲੋਕਾਂ ਵਿੱਚ ਪੁਲਿਸ ਦੀ ਨਿਗਰਾਨੀ ਨੂੰ ਵਧਾਉਣਾ ਹੈ।24 ਹਾਈ-ਟੈਕ ਪੀਸੀਆਰ ਮੋਟਰਸਾਈਕਲਾਂ, 3 ਆਰਆਰਆਰਪੀ ਗੱਡੀਆਂ ਅਤੇ ਪੁਲਿਸ ਮੁਲਾਜ਼ਮਾਂ ਦੀਆਂ 3 ਟੀਮਾਂ ਨੂੰ ਤਾਇਨਾਤ ਕੀਤਾ ਐਸਐਸਪੀ ਖੱਖ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਦੇ ਅਧਿਕਾਰੀ ਸ਼ਹਿਰ ਅਤੇ ਬਾਜ਼ਾਰਾਂ ਵਿੱਚ ਆਵਾਜਾਈ ਦੇ ਬਿਨਾਂ ਰੁਕਾਵਟ ਵਹਾਅ ਲਈ ਅਤੇ ਨਜਾਇਜ ਕਬਜੇ ਹਟਵਾਉਣ ਲਈ ਕੌਂਸਲ ਅਧਿਕਾਰੀਆਂ ਦੇ ਨਾਲ ਨਾਲ ਦੁਕਾਨਦਾਰਾਂ ਦੀਆਂ ਐਸੋਸੀਏਸ਼ਨਾਂ ਅਤੇ ਸ਼ਹਿਰ ਵਿੱਚ ਹੋਰ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭੀੜ ਵਾਲੇ ਇਲਾਕਿਆਂ ਵਿੱਚ ਪੀਲੀ ਲਾਈਨ ਮਾਰਕਿੰਗ ਕਰਵਾਈ ਜਾਏਗੀ ਅਤੇ ਸ਼ਹਿਰ ਵਿੱਚ ਇਸ ਲਾਈਨ ਦੇ ਅੱਗੇ ਕਿਸੇ ਵੀ ਤਰ੍ਹਾਂ ਦੇ ਕਬਜ਼ੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Leave a Reply

Your email address will not be published. Required fields are marked *