ਬਿਆਸ-ਪੰਜਾਬ ਵਿੱਚ ਦਿਨੋ ਦਿਨ ਵੱਧ ਰਹੀ ਕਤਲੋ ਗਾਰਤ ਕਾਰਣ ਹਰ ਕੋਈ ਵਿਅਕਤੀ ਖੌਫ ਦੇ ਸਾਏ ਹੇਠ ਸਾਹ ਲੈ ਰਿਹਾ ਹੈ, ਤਾਜਾ ਮਾਮਲਾ ਦਰਿਆ ਬਿਆਸ ਤੋਂ ਦੇਖਣ ਵਿੱਚ ਆਇਆ ਹੈ ਜਿੱਥੇ ਅਣਪਛਾਤੇ ਵਿਅਕਤੀ ਵਲੋਂ ਕਥਿਤ ਤੌਰ ਤੇ ਇੱਕ ਟਰੱਕ ਡਰਾਈਵਰ ਨੂੰ ਬੇਰਹਿਮੀ ਨਾਲ ਕਤਲ ਕਰ ਦਰਿਆ ਬਿਆਸ ਵਿੱਚ ਸੁੱਟਣ ਦੀ ਖਬਰ ਹੈ। ਘਟਨਾ ਦੀ ਸੂਚਨਾ ਮਿਲਣ ਤੇ ਏਸੀਪੀ ਭੁਲੱਥ ਅਜੈ ਗਾਂਧੀ, ਥਾਣਾ ਢਿੱਲਵਾਂ ਮੁੱਖੀ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ ਤੋਂ ਪੁੱਜੇ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।ਘਟਨਾ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਦਾ ਪੁੱਤਰ ਮਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਦੌਲਤਪੁਰ ਮੰਡੀ ਗੋਬਿੰਦਗੜ ਤੋਂ ਗੱਡੀ ਵਿੱਚ ਸਰੀਆ ਲੱਦ ਕੇ ਆ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੱਡੀ ਲੁੱਟ ਕੇ ਉਸ ਨੂੰ ਦਰਿਆ ਬਿਆਸ ਵਿੱਚ ਕਤਲ ਕਰ ਕੇ ਸੁੱਟ ਦਿੱਤਾ ਹੈ, ਉਨਾਂ ਦੱਸਿਆ ਕਿ ਪੁਲਿਸ ਵਲੋਂ ਮੌਕੇ ਤੇ ਪੁੱਜ ਕੇ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਸਥਿਤ ਦਰਿਆ ਬਿਆਸ ਪੱੁਲ ਹੇਠੋਂ ਲਾਸ਼ ਬਰਾਮਦ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਉਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਾਤਲਾਂ ਨੂੰ ਗ੍ਰਿਫਤਾਰ ਕਰ ਸਖਤ ਸਜਾ ਦਿੱਤੀ ਜਾਵੇ। ਇਸ ਸਬੰਧੀ ਗੱਲਬਾਤ ਦੌਰਾਨ ਥਾਣਾ ਢਿੱਲਵਾਂ ਦੇ ਮੁੱਖੀ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਰਿਆ ਬਿਆਸ ਪੁੱਲ ਹੇਠਾਂ ਲਾਸ਼ ਪਈ ਹੈ, ਜੋ ਕਿ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਅਤੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।