ਚੰਡੀਗੜ੍ਹ, 17 ਜੁਲਾਈ – ਪੰਜਾਬ ਕਾਂਗਰਸ ‘ਚ ਚੱਲ ਰਹੇ ਕਾਟੋ ਕਲੇਸ਼ ਦੌਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਉਨ੍ਹਾਂ ਦੀ ਪੰਚਕੂਲਾ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਇੱਕ ਕਾਬਿਲ ਇਨਸਾਨ ਹਨ ਤੇ ਉਹ ਦੋਵੇਂ ਪਾਰਟੀ ਦੇ ਨਾਲ ਖੜੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ, ਸਾਬਕਾ ਵਿੱਤ ਮੰਤਰੀ ਲਾਲ ਸਿੰਘ, ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਤੇ ਜ਼ੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਦੇ ਪਰਿਵਾਰਿਕ ਰਿਸ਼ਤੇ ਹਨ ਜੋ ਖਤਮ ਨਹੀਂ ਹੋ ਸਕਦੇ। ਨਵਜੋਤ ਸਿੱਧੂ ਵੱਲੋਂ ਆਏ ਦਿਨ ਕੀਤੇ ਜਾਂਦੇ ਟਵੀਟਾਂ ‘ਤੇ ਉਨ੍ਹਾਂ ਕਿਹਾ ਕਿ ਟਵੀਟ ਵੀ ਜ਼ਰੂਰੀ ਹਨ ਤੇ ਲੋਕਾਂ ਨਾਲ ਮਿਲਣਾ ਵੀ ਜਰੂਰੀ ਹੈ।