ਗੁਹਾਟੀ ਦੇ ਇੱਕ ਹੋਟਲ ਵਿੱਚ ਗੋਲੀਬਾਰੀ, 5 ਲੋਕਾਂ ਦੀ ਮੌਤ

ਅਸਾਮ ਦੇ ਗੁਹਾਟੀ ਵਿਚ ਸੋਮਵਾਰ ਰਾਤ ਨੂੰ ਇੱਕ ਹੋਟਲ ਵਿੱਚ ਇੱਕ ਵਿਅਕਤੀ ਨੇ ਛੇ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪੀੜਤਾਂ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਹਨ, ਜਿਨ੍ਹਾਂ ਵਿੱਚ ਹੋਟਲ ਮਾਲਕ ਦੀ ਪਤਨੀ ਅਤੇ ਪੁੱਤਰ ਵੀ ਸ਼ਾਮਲ ਹਨ। ਇਹ ਘਟਨਾ ਬੋਰਾ ਸਰਵਿਸ ਖੇਤਰ ਵਿੱਚ ਸਥਿਤ ‘ਬਿਲਾਸ ਇਨ’ ਨਾਮਕ ਹੋਟਲ ਵਿੱਚ ਵਾਪਰੀ। ਪੁਲਿਸ ਕਮਿਸ਼ਨਰ ਪਾਰਥ ਸਾਰਥੀ ਮਹੰਤਾ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਹੋਟਲ ਦੇ ਲੀਜ਼ ਸਮਝੌਤੇ ਨਾਲ ਜੁੜੇ ਜਾਇਦਾਦ ਦੇ ਵਿਵਾਦ ਕਾਰਨ ਵਾਪਰੀ। ਮੁਲਜ਼ਮ, ਘਨਕਾਂਤਾ ਗੋਗੋਈ ਨੇ ਪਿਛਲੇ ਸਾਲ ਹੋਟਲ ਲੀਜ਼ ‘ਤੇ ਲਿਆ ਸੀ। ਉਹ ਕੁਝ ਸਮੇਂ ਤੋਂ ਲੀਜ਼ ਸਮਝੌਤੇ ਨੂੰ ਲੈ ਕੇ ਹੋਟਲ ਮਾਲਕ ਦੇ ਪਰਿਵਾਰ ਨਾਲ ਵਿਵਾਦ ਵਿੱਚ ਚੱਲ ਰਿਹਾ ਸੀ। ਸੋਮਵਾਰ ਰਾਤ ਨੂੰ ਮੁਲਜ਼ਮ ਦੀ ਇਨ੍ਹਾਂ ਵਿਅਕਤੀਆਂ ਨਾਲ ਬਹਿਸ ਵੀ ਹੋਈ ਸੀ। ਇਸ ਤੋਂ ਬਾਅਦ, ਉਸ ਨੇ ਆਪਣੇ ਲਾਇਸੰਸਸ਼ੁਦਾ ਪਿਸਤੌਲ ਨਾਲ ਛੇ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੋਲੀਬਾਰੀ ਵਿੱਚ ਵਰਤਿਆ ਗਿਆ .32 ਬੋਰ ਦਾ ਲਾਇਸੰਸਸ਼ੁਦਾ ਪਿਸਤੌਲ ਉਸ ਕੋਲੋਂ ਜ਼ਬਤ ਕਰ ਲਿਆ ਹੈ। ਇੱਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਹੇਲੇਨਾ ਭਰਾਲੀ, ਦੇਬੋਰਸ਼ੀ ਕਸ਼ਯਪ ਅਤੇ ਨਰਾਇਣ ਦਾਸ ਦੀ ਪਛਾਣ ਕਰ ਲਈ ਗਈ ਹੈ। ਬਾਕੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਫਿਲਹਾਲ ਚੱਲ ਰਹੀ ਹੈ। ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਬਚ ਜਾਣ ਵਾਲੇ ਵਿਅਕਤੀ ਦੀ ਪਛਾਣ ਸਤਿਯੇਨ ਪਾਠਕ ਵਜੋਂ ਹੋਈ ਹੈ। ਉਸ ਦੀ ਹਾਲਤ ਫਿਲਹਾਲ ਸਥਿਰ ਹੈ।

Leave a Reply

Your email address will not be published. Required fields are marked *