ਫਿਲੌਰ ਵਿੱਚ ਖੈਰਾ ਪਿੰਡ ਨੇੜੇ ਨੈਸ਼ਨਲ ਹਾਈਵੇਅ ’ਤੇ ਮੰਗਲਵਾਰ ਨੂੰ ਇੰਡੋ-ਕੈਨੇਡੀਅਨ ਬੱਸ ਦੀ ਟੱਕਰ ਨਾਲ ਆਲਟੋ ਕਾਰ ਸਵਾਰ ਦੋ ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਦਿੱਲੀ ਵਿੱਚ ਨਿਰੰਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਠਾਨਕੋਟ ਵਾਪਸ ਪਰਤ ਰਹੇ ਸਨ। ਹਾਦਸੇ ਵਿੱਚ ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਹਾਦਸਾ 27 ਅਕਤੂਬਰ ਨੂੰ ਡੀ.ਐੱਸ ਢਾਬੇ ਨੇੜੇ ਵਾਪਰਿਆ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੀ ਟੀਮ ਮੌਕੇ ’ਤੇ ਪਹੁੰਚੀ। ਮੁਲਾਜ਼ਮਾਂ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ। ਉੱਥੇ ਇੱਕ ਜ਼ਖ਼ਮੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਵੱਡੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਬੱਸ ਚਾਲਕ ਨੇ ਦੱਸਿਆ ਕਿ ਉਹ ਆਪਣੀ ਲੇਨ ਵਿੱਚ ਚੱਲ ਰਿਹਾ ਸੀ। ਉਸ ਮੁਤਾਬਕ ਅੱਗੇ ਜਾ ਰਹੀ ਆਲਟੋ ਕਾਰ ਦੇ ਚਾਲਕ ਨੇ ਅਚਾਨਕ ਐਮਰਜੈਂਸੀ ਬ੍ਰੇਕ ਲਗਾ ਦਿੱਤੇ, ਜਿਸ ਕਾਰਨ ਬੱਸ ਕਾਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ । ਹਾਦਸੇ ਤੋਂ ਬਾਅਦ ਪੁਲਿਸ ਅਤੇ ਐੱਸ.ਐੱਸ.ਐੱਫ. ਦੀ ਟੀਮ ਨੇ ਨੁਕਸਾਨੀ ਗਈ ਕਾਰ ਨੂੰ ਸੜਕ ਕਿਨਾਰੇ ਕਰਵਾਇਆ ਅਤੇ ਸੁਰੱਖਿਆ ਸੰਬੰਧੀ ਸਾਈਨ ਬੋਰਡ ਲਗਾ ਕੇ ਆਵਾਜਾਈ ਬਹਾਲ ਕਰਵਾਈ। ਐੱਸ.ਐੱਸ.ਐੱਫ. ਦੀ ਟੀਮ ਨੂੰ ਕਾਰ ਵਿੱਚੋਂ ਕੱਪੜਿਆਂ ਦੇ 9 ਬੈਗ, 910 ਰੁਪਏ ਨਕਦ ਵਾਲਾ ਇੱਕ ਪਰਸ ਅਤੇ ਜ਼ਰੂਰੀ ਦਸਤਾਵੇਜ਼ ਮਿਲੇ। ਇਨ੍ਹਾਂ ਦਸਤਾਵੇਜ਼ਾਂ ਵਿੱਚ ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵਾਹਨ ਦੀ ਆਰਸੀ ਅਤੇ ਏ.ਟੀ.ਐੱਮ ਕਾਰਡ ਸ਼ਾਮਲ ਸਨ। ਟੀਮ ਨੇ ਸਾਰਾ ਸਾਮਾਨ ਸੁਰੱਖਿਅਤ ਢੰਗ ਨਾਲ ਜ਼ਖ਼ਮੀਆਂ ਦੇ ਭਰਾ ਰਾਜਿੰਦਰ ਨੂੰ ਸੌਂਪ ਦਿੱਤਾ।